ਚੰਡੀਗੜ੍ਹ/ਜਲੰਧਰ : ਪੰਜਾਬ ਨੇ ਇਕ ਵਾਰ ਫਿਰ ਟੈਕਸ ਮਾਲੀਆ ਵਾਧੇ ਦੇ ਮਾਮਲੇ ’ਚ ਰਿਕਾਰਡ ਤੋੜਦਿਆਂ ਜੁਲਾਈ 2025 ’ਚ ਵਸੂਲੇ ਗਏ ਵਸਤੂਆਂ ਤੇ ਸੇਵਾਵਾਂ ਕਰ (ਜੀ. ਐੱਸ. ਟੀ.) ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 32.08 ਫ਼ੀਸਦੀ ਦਾ ਸ਼ੁੱਧ ਵਾਧਾ ਦਰਜ ਕੀਤਾ ਹੈ। ਜੁਲਾਈ 2025 ’ਚ ਵਸੂਲਿਆ ਗਿਆ ਸ਼ੁੱਧ ਜੀ. ਐੱਸ. ਟੀ. ਮਾਲੀਆ 2357.78 ਕਰੋੜ ਰੁਪਏ ਰਿਹਾ, ਜੋ ਜੁਲਾਈ 2024 ’ਚ ਵਸੂਲੇ ਗਏ 1785.07 ਕਰੋੜ ਰੁਪਏ ਦੇ ਮੁਕਾਬਲੇ 572.71 ਕਰੋੜ ਰੁਪਏ ਦਾ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ।
ਮੌਜੂਦਾ ਵਿੱਤੀ ਸਾਲ ਦੇ ਜੁਲਾਈ ਮਹੀਨੇ ਤੱਕ ਸ਼ੁੱਧ ਜੀ. ਐੱਸ. ਟੀ. ਮਾਲੀਆ 9188.18 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜੋ ਵਿੱਤੀ ਸਾਲ 2024-25 ਦੀ ਇਸੇ ਮਿਆਦ ਦੌਰਾਨ ਵਸੂਲੇ ਗਏ 7162.82 ਕਰੋੜ ਰੁਪਏ ਦੇ ਮੁਕਾਬਲੇ 2025.36 ਕਰੋੜ ਰੁਪਏ ਵੱਧ ਹੈ। ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ ਕਰ ਵਿਭਾਗ, ਪੰਜਾਬ ਦੀ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟ (ਸਿਪੂ) ਨੇ ਜੁਰਮਾਨਿਆਂ ਵਜੋਂ 156.40 ਕਰੋੜ ਰੁਪਏ ਵਸੂਲ ਕੀਤੇ ਹਨ।
ਇਸ ’ਚੋਂ 57.43 ਕਰੋੜ ਰੁਪਏ ਸੜਕਾਂ ’ਤੇ ਕੀਤੀਆਂ ਗਈਆਂ ਚੈਕਿੰਗਾਂ ਤੋਂ ਅਤੇ 98.97 ਕਰੋੜ ਰੁਪਏ ਜਾਂਚਾਂ ਤੇ ਪੜਤਾਲਾਂ ਤੋਂ ਵਸੂਲੇ ਗਏ ਹਨ। ਇਸ ਤੋਂ ਇਲਾਵਾ ਸਿਪੂ ਨੇ ਦੋ ਵੱਡੇ ਜੀ. ਐੱਸ. ਟੀ. ਧੋਖਾਦੇਹੀ ਦੇ ਮਾਮਲਿਆਂ ਦਾ ਪਰਦਾਫ਼ਾਸ਼ ਕੀਤਾ, ਜਿਸ ’ਚ 2,620.80 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਤੇ 296.32 ਕਰੋੜ ਰੁਪਏ ਦੀ ਅੰਦਾਜ਼ਨ ਕਰ ਚੋਰੀ ਸ਼ਾਮਲ ਹੈ।