ਚੰਡੀਗੜ੍ਹ/ਜਲੰਧਰ – ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਸਕੱਤਰ, ਸੰਯੁਕਤ ਸਕੱਤਰ ਤੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਕੱਤਰ ਤੇ ਚੇਅਰਮੈਨ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਅਤੇ ਵਾਤਾਵਰਨੀ ਸਥਿਰਤਾ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ ’ਤੇ ਚਰਚਾ ਕੀਤੀ।
ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਰੀਨਾ ਗੁਪਤਾ ਸਮੇਤ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਸਕੱਤਰ ਨਾਲ ਮੁਲਾਕਾਤ ਕਰ ਕੇ ਕੇਂਦਰੀ ਖੇਤਰ ਦੀਆਂ ਯੋਜਨਾਵਾਂ ਦੇ ਲਾਗੂ ਕਰਨ ਤੇ ਪੰਜਾਬ ਲਈ ਹੋਰ ਮੌਕਿਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਮਾਈਕ੍ਰੋ ਐਂਡ ਸਮਾਲ ਐਂਟਰਪ੍ਰਾਈਜ਼ਿਜ਼ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ, ਜਿਸ ਦਾ ਉਦੇਸ਼ ਤਕਨਾਲੋਜੀ ਸੁਧਾਰ, ਹੁਨਰ ਵਿਕਾਸ, ਗੁਣਵੱਤਾ ’ਚ ਵਾਧਾ, ਮਾਰਕੀਟ ਪਹੁੰਚ, ਪੂੰਜੀ ਤੱਕ ਪਹੁੰਚ ਵਰਗੇ ਸਾਂਝੇ ਮੁੱਦਿਆਂ ਨੂੰ ਹੱਲ ਕਰ ਕੇ ਸੂਖਮ ਅਤੇ ਲਘੂ ਉਦਯੋਗਾਂ ਦੀ ਸਥਿਰਤਾ ਅਤੇ ਵਿਕਾਸ ਦਾ ਸਮਰਥਨ ਕਰਨਾ ਹੈ।
ਉਨ੍ਹਾਂ ਨੇ ਕ੍ਰੈਡਿਟ ਗਾਰੰਟੀ ਫੰਡ ਟਰੱਸਟ ਫਾਰ ਮਾਈਕ੍ਰੋ ਐਂਡ ਸਮਾਲ ਐਂਟਰਪ੍ਰਾਈਜ਼ਿਜ਼ ਸਕੀਮ ’ਤੇ ਵੀ ਚਰਚਾ ਕੀਤੀ, ਜੋ ਨਵੇਂ ਤੇ ਮੌਜੂਦਾ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਕਰਜ਼ਾ ਗਾਰੰਟੀ ਪ੍ਰਦਾਨ ਕਰਦੀ ਹੈ। ਇਸ ਮੌਕੇ ਬੁੱਢੇ ਨਾਲੇ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਸਟੀਲ ਰੋਲਿੰਗ ਮਿੱਲਾਂ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ’ਚ ਵਾਤਾਵਰਣ ਸੰਬੰਧੀ ਚਿੰਤਾਵਾਂ ਤੇ ਉਦਯੋਗਿਕ ਵਿਕਾਸ ’ਚ ਸੰਤੁਲਨ ਬਣਾਉਣ ਲਈ ਥੋੜ੍ਹੇ ਸਮੇਂ ਤੇ ਲੰਬੇ ਸਮੇਂ ਦੇ ਹੱਲ ਲੱਭਣ ’ਤੇ ਜ਼ੋਰ ਦਿੱਤਾ ਗਿਆ।