ਜਲੰਧਰ : ਪੰਜਾਬ ਦੀ ਰੇਚਲ ਗੁਪਤਾ ਨੇ ਸੁੰਦਰਤਾ ਮੁਕਾਬਲੇ ‘ਚ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਵਿਦੇਸ਼ ‘ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਰੇਚਲ ਨੇ ਦੇਸ਼ ਦਾ ਨਾਂ ਦੁਨੀਆ ਭਰ ‘ਚ ਮਸ਼ਹੂਰ ਕੀਤਾ ਹੈ। ਰੇਚਲ ਨੇ ਫਾਈਨਲ ‘ਚ ਫਿਲੀਪੀਨਜ਼ ਦੀ ਬਿਊਟੀ ਕੁਈਨ ਨੂੰ ਹਰਾਇਆ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਨੇ ਬੈਂਕਾਕ ‘ਚ ਹੋਏ ਇਸ ਮੁਕਾਬਲੇ ‘ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਦੇਸ਼ ਅਤੇ ਆਪਣੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਦਾ ਫਾਈਨਲ ਬੀਤੇ ਸ਼ੁੱਕਰਵਾਰ ਨੂੰ ਹੋਇਆ।
ਸਿਰਫ਼ 20 ਸਾਲ ਦੀ ਰੇਚਲ ਗੁਪਤਾ ਦਾ ਪਰਿਵਾਰ ਜਲੰਧਰ ਦੀ ਅਰਬਨ ਅਸਟੇਟ ‘ਚ ਰਹਿੰਦਾ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤਣ ਤੋਂ ਪਹਿਲਾਂ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਡੀਆ 2024 ਦਾ ਤਾਜ ਜਿੱਤਿਆ ਸੀ ਅਤੇ ਫਿਰ ਮਿਸ ਗ੍ਰੈਂਡ ਇੰਟਰਨੈਸ਼ਨਲ 2024 ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। 24 ਜਨਵਰੀ 2004 ਨੂੰ ਜਨਮੀ ਰੇਚਲ ਗੁਪਤਾ ਦਾ ਕੱਦ 5 ਫੁੱਟ 10 ਇੰਚ ਹੈ। 18 ਸਾਲ ਦੀ ਉਮਰ ‘ਚ ਰੇਚਲ ਗੁਪਤਾ ਨੇ ਮਿਸ ਸੁਪਰਟੈਲੇਂਟ ਸੀਜ਼ਨ 15 ‘ਚ ਹਿੱਸਾ ਲਿਆ, ਜੋ ਕਿ 28 ਸਤੰਬਰ 2022 ਨੂੰ ਪੈਰਿਸ ‘ਚ ਆਯੋਜਿਤ ਕੀਤਾ ਗਿਆ ਸੀ। ਜਦੋਂ ਕਿ ਮਈ 2024 ‘ਚ ਜੈਪੁਰ, ਰਾਜਸਥਾਨ ‘ਚ ਰੇਚਲ ਗੁਪਤਾ ਨੂੰ ਮਿਸ ਗ੍ਰੈਂਡ ਇੰਡੀਆ 2024 ਚੁਣਿਆ ਗਿਆ ਸੀ।