ਹਰਿਆਣਾ ਪ੍ਰਦੇਸ਼ ਭਾਜਪਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਹਿੰਦੂਆਂ ਦੇ ਵਿਰੁੱਧ ‘ਭੜਕਾਊ ਅਤੇ ਅਪਮਾਨਜ਼ਨਕ ਟਿੱਪਣੀ’ ਲਈ ਮੁਆਫੀ ਮੰਗਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਵਿਰੋਧੀ ਆਗੂ ‘ਤੇ ‘ਝੂਠ’ ਦਾ ਸਹਾਰਾ ਲੈ ਕੇ ਦੇਸ਼ ਨੂੰ ਕਮਜ਼ੋਰ ਕਰਨ ਅਤੇ ਲੋਕ ਸਭਾ ਦੇ ਵੱਕਾਰ ਨੂੰ ਢਾਹ ਲਾਉਣ ਦਾ ਮਾਹੌਲ ਸਿਰਜਣ ਦਾ ਦੋਸ਼ ਲਗਾਇਆ।
ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੈਣੀ ਨੇ ਅਗਨੀਵੀਰ ਭਰਤੀ ਨੀਤੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਬਾਰੇ ਗਾਂਧੀ ਦੇ ‘ਗੁੰਮਰਾਹਕੁੰਨ ਬਿਆਨਾਂ’ ਦੀ ਨਿਖੇਧੀ ਕੀਤੀ। ਸੈਣੀ ਨੇ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦਾ ਫੇਲ੍ਹ ਉਤਪਾਦ ਹੈ, ਜਿਸ ਨੂੰ ਕਈ ਵਾਰ ਲਾਂਚ ਕੀਤਾ ਗਿਆ ਹੈ। ਇਸੇ ਨਿਰਾਸ਼ਾ ਦਾ ਨਤੀਜਾ ਹੈ ਕਿ ਉਹ ਇਸ ਪੱਧਰ ਤੱਕ ਝੁਕ ਗਿਆ ਕਿ ਸੋਮਵਾਰ ਨੂੰ ਲੋਕ ਸਭਾ ਵਿੱਚ ਹਰ ਤਰ੍ਹਾਂ ਦੇ ਬੇਬੁਨਿਆਦ ਦੋਸ਼ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਹਿੰਸਾ ਦੇ ਬਰਾਬਰ ਕਰਨ ਲਈ ਕਾਂਗਰਸੀ ਆਗੂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਗਾਂਧੀ ਦਾ ਵਤੀਰਾ ਅਤਿ ਨਿੰਦਣਯੋਗ ਹੈ। ਉਸ ਨੇ ਜ਼ਹਿਰ ਉਗਲ ਕੇ ਦੇਸ਼ ਦੇ ਇੱਕ ਵੱਡੇ ਵਰਗ ਦਾ ਅਪਮਾਨ ਕੀਤਾ ਹੈ, ਜਿਸ ਦੀ ਅਸੀਂ ਨਿਖੇਧੀ ਕਰਦੇ ਹਾਂ ਅਤੇ ਉਸ ਤੋਂ ਮੁਆਫ਼ੀ ਦੀ ਮੰਗ ਕਰਦੇ ਹਾਂ। ਸੈਣੀ ਨੇ ਕਿਹਾ ਕਿ ਕਾਂਗਰਸੀ ਆਗੂ ਨੂੰ ਆਪਣੀ ਗਲਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣਾ ਬਚਾਅ ਕਰਨ ਦੀ ਬਜਾਏ ਮੁਆਫੀ ਮੰਗਣੀ ਚਾਹੀਦੀ ਹੈ।