ਰਾਹੁਲ ਗਾਂਧੀ ਦੇ ਹਾਲ ਹੀ ਦੇ ‘ਹਿੰਸਕ ਹਿੰਦੂ’ ਭਾਸ਼ਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਕਰਨਾਟਕ ਦੇ ਭਾਜਪਾ ਵਿਧਾਇਕ ਭਰਤ ਸ਼ੈੱਟੀ ਨੇ ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਨੂੰ ਉਸ ਦੀ ‘ਹਿੰਦੂ-ਵਿਰੋਧੀ’ ਟਿੱਪਣੀ ਲਈ ‘ਥੱਪੜ’ ਮਾਰਨ ਦਾ ਸੱਦਾ ਦਿੱਤਾ ਹੈ। ਮੰਗਲੌਰ ਉੱਤਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸ਼ੈੱਟੀ ਨੇ ਸੋਮਵਾਰ ਨੂੰ ਮੰਗਲੌਰ ‘ਚ ਰਾਹੁਲ ਗਾਂਧੀ ਦੇ ਵਿਰੁੱਧ ਇਕ ਰੋਸ ਮਾਰਚ ਨੂੰ ਸੰਬੋਧਨ ਕਰਦੇ ਹੋਏ ਨਿਸ਼ਾਨਾ ਸਾਧਿਆ।
ਭਾਜਪਾ ਵਿਧਾਇਕ ਨੇ ਕਿਹਾ ਕਿ ਉਹ (ਗਾਂਧੀ) ਹਿੰਦੂ ਵਿਰੋਧੀ ਨੀਤੀ ਅਪਣਾਉਂਦੇ ਹਨ। ਜੇਕਰ ਤੁਸੀਂ ਉਨ੍ਹਾਂ ਦੇ ਬਿਆਨ ਨੂੰ ਵੇਖਦੇ ਹੋ, ਤਾਂ ਸਪੱਸ਼ਟ ਹੈ ਕਿ ਉਹ ਇੱਕ ਵੱਡੇ ਪਾਗਲ ਹਨ। ਉਨ੍ਹਾਂ ਨੂੰ ਸੰਸਦ ਦੇ ਅੰਦਰ ਹੀ ਗੱਲ੍ਹ ‘ਤੇ ਥੱਪੜ ਮਾਰ ਦੇਣਾ ਚਾਹੀਦਾ ਸੀ। ਸ਼ੈਟੀ ਨੇ ਲੋਕ ਸਭਾ ‘ਚ ਵਿਵਾਦਤ ਭਾਸ਼ਣ ਦਿੰਦੇ ਹੋਏ ਭਗਵਾਨ ਸ਼ਿਵ ਦੀ ਤਸਵੀਰ ਦਿਖਾਉਣ ‘ਤੇ ਵੀ ਨਿਸ਼ਾਨਾ ਸਾਧਿਆ। ਸ਼ੈਟੀ ਨੇ ਕਿਹਾ ਕਿ ਰਾਹੁਲ ਗਾਂਧੀ ਕਹਿੰਦੇ ਹਨ ਕਿ ਹਿੰਦੂ ਹਿੰਸਕ ਹਨ। ਪਾਗਲ ਨੂੰ ਕੀ ਪਤਾ ਨਹੀਂ ਕਿ ਜੇਕਰ ਭਗਵਾਨ ਸ਼ਿਵ ਆਪਣਾ ਤੀਜਾ ਨੇਤਰ ਖੋਲ੍ਹਦੇ ਤਾਂ ਗਾਂਧੀ ਸੁਆਹ ਹੋ ਜਾਵੇਗਾ।
ਇਸ ਦੇ ਨਾਲ ਹੀ ਭਾਜਪਾ ਨੇਤਾ ਨੇ ਰਾਹੁਲ ਗਾਂਧੀ ਦੇ ਦੌਰਿਆਂ ਨੂੰ ਲੈ ਕੇ ਦਾਅਵਾ ਕੀਤਾ ਕਿ ਰਾਏਬਰੇਲੀ ਦੇ ਸੰਸਦ ਮੈਂਬਰ, ਜੋ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ ,ਉਹ (ਰਾਹੁਲ ਗਾਂਧੀ) ਜਿਸ ਖੇਤਰ ਦਾ ਦੌਰਾ ਕਰਦੇ ਹਨ, ਉਸ ਦੇ ਆਧਾਰ ‘ਤੇ ਆਪਣਾ (ਧਾਰਮਿਕ) ਰੁਖ਼ ਬਦਲ ਲੈਂਦੇ ਹਨ। ਸ਼ੈਟੀ ਨੇ ਕਿਹਾ ਕਿ ਜਦੋਂ ਉਹ (ਰਾਹੁਲ ਗਾਂਧੀ) ਗੁਜਰਾਤ ਜਾਂਦੇ ਹਨ, ਤਾਂ ਵਿਰੋਧੀ ਧਿਰ ਦਾ ਨੇਤਾ ਭਗਵਾਨ ਸ਼ਿਵ ਦਾ ਭਗਤ ਬਣ ਜਾਂਦਾ ਹੈ। ਪਰ, ਜਦੋਂ ਉਹ ਤਾਮਿਲਨਾਡੂ ਜਾਂਦਾ ਹੈ, ਤਾਂ ਉਹ ਨਾਸਤਿਕ ਬਣ ਜਾਂਦਾ ਹੈ ਅਤੇ ਕੇਰਲਾ ਵਿੱਚ ਉਹ ਧਰਮ ਨਿਰਪੱਖ ਹੋ ਜਾਂਦਾ ਹੈ।