ਨਿਊਯਾਰਕ — ਬੀਤੇ ਦਿਨ ਐਫ.ਬੀ.ਆਈ ਅਤੇ ਨਿਆਂ ਵਿਭਾਗ ਵੱਲੋਂ ਅਮਰੀਕਾ ਦੇ ਸੂਬੇ ਨੇਬਰਾਸਕਾ ‘ਚ ਚਾਰ ਹੋਟਲਾਂ ਵਿਚ ਛਾਪੇਮਾਰੀ ਕੀਤੀ ਗਈ ਜੋ ਕਿ ਮਜ਼ਦੂਰ ਤਸਕਰੀ ਤੋਂ ਲੈ ਕੇ ਸੈਕਸ ਤਸਕਰੀ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਤੱਕ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਨ੍ਹਾਂ ਹੋਟਲਾਂ ਦੇ ਮਾਲਕ ਇੱਕੋ ਹੀ ਪਰਿਵਾਰ ਦੇ ਮੈਂਬਰ ਹਨ, ਜਿਸ ਵਿੱਚ ਓਮਾਹਾ ਮੈਟਰੋ ਖੇਤਰ ਅਤੇ ਕੇਂਦਰੀ ਨੇਬਰਾਸਕਾ ਦੇ ਹੋਟਲ ਸ਼ਾਮਲ ਹਨ।
ਸਰਚ ਵਾਰੰਟ ਦੇ ਆਧਾਰ ‘ਤੇ ਸਵੇਰੇ-ਸਵੇਰੇ ਇਨ੍ਹਾਂ ਹੋਟਲਾਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਵਿੱਚ 11 ਵੱਖ-ਵੱਖ ਏਜੰਸੀਆਂ ਦੇ ਲਗਭਗ 300 ਅਧਿਕਾਰੀਆਂ ਨੇ ਹਿੱਸਾ ਲਿਆ। ਸੰਯੁਕਤ ਰਾਜ ਦੇ ਅਟਾਰਨੀ ਲੈਸਲੀ ਏ. ਵੁੱਡਸ ਅਨੁਸਾਰ ਕੁੱਲ ਚਾਰ ਹੋਟਲਾਂ – ਜਿੰਨਾਂ ਦੇ ਨਾਂਅ ਦ ਅਮਰੀਕਨ ਇਨ, ਦ ਇਨ, ਦ ਨਿਊ ਵਿਕਟੋਰੀਅਨ ਅਤੇ ਦ ਰੋਡਵੇਅ ਇਨ ‘ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਲੋਕਾਂ ਵਿੱਚ ਭਾਰਤੀ ਮੂਲ ਦੇ ਕੇਤਨ ਉਰਫ਼ ਕੇਨ ਚੌਧਰੀ ਅਤੇ ਉਸਦੀ ਪਤਨੀ ਰਸ਼ਮੀ ਉਰਫ਼ ਫਾਲਗੁਨੀ, ਕੇਤਨ ਦਾ ਭਰਾ ਅਮਿਤ ਬਾਬੂਲਾਲ ਚੌਧਰੀ ਅਤੇ ਜੀਜਾ ਅਮਿਤ ਪ੍ਰਹਿਲਾਦਭਾਈ ਚੌਧਰੀ ਅਤੇ ਮਹੇਸ਼ ਚੌਧਰੀ ਸ਼ਾਮਲ ਹਨ।