ਇੰਰਟਨੈਸ਼ਨਲ – ਬਰਸਾਤਾਂ ਦੇ ਦਿਨ ਚੱਲ ਰਹੇ ਹਨ ਜਿਸ ਕਾਰਨ ਦੇਸ਼ ਭਰ ‘ਚ ਹੜ੍ਹ ਅਤੇ ਬੱਦਲ ਫਟਣ ਦੀ ਸਥਿਤੀ ਬਣੀ ਹੋਈ ਹੈ। ਹੁਣ ਖ਼ਬਰ ਆ ਰਹੀ ਹੈ ਕਿ ਨੇਪਾਲ ਦੇ ਰਾਸੁਵਾ ਜ਼ਿਲ੍ਹੇ ਵਿੱਚ ਮੌਨਸੂਨ ਬਾਰਿਸ਼ ਕਾਰਨ ਇੱਕ ਨਦੀ ਵਿੱਚ ਹੜ੍ਹ ਆਇਆ ਜਿਸ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਲਾਪਤਾ ਹੋ ਗਏ ਹਨ। ਹੜ੍ਹਾਂ ਨੇ ਦੇਸ਼ ਨੂੰ ਚੀਨ ਨਾਲ ਜੋੜਨ ਵਾਲੇ “ਫ੍ਰੈਂਡਸ਼ਿਪ ਬ੍ਰਿਜ” ਨੂੰ ਵੀ ਵਹਾ ਦਿੱਤਾ। ਸੋਮਵਾਰ ਰਾਤ ਨੂੰ ਚੀਨ ਵਿੱਚ ਮੋਹਲੇਧਾਰ ਮੌਨਸੂਨ ਬਾਰਿਸ਼ ਕਾਰਨ ਨੇਪਾਲ ਵਿੱਚ ਭੋਟੇਕੋਸ਼ੀ ਨਦੀ ਵਿੱਚ ਹੜ੍ਹ ਆ ਗਿਆ।
ਰਾਸ਼ਟਰੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (ਐੱਨਡੀਆਰਆਰਐਮਏ) ਦੇ ਡਾਇਰੈਕਟਰ ਜਨਰਲ ਦਿਨੇਸ਼ ਭੱਟ ਨੇ ਮੀਡੀਆ ਨੂੰ ਦੱਸਿਆ, “ਹੁਣ ਤੱਕ ਨੌਂ ਲੋਕਾਂ ਦੀ ਮੌਤ ਹੋ ਗਈ ਹੈ, ਇੱਕ ਵਿਅਕਤੀ ਜ਼ਖਮੀ ਹੈ, 19 ਲੋਕ ਲਾਪਤਾ ਹਨ ਅਤੇ 57 ਲੋਕਾਂ ਨੂੰ ਬਚਾਇਆ ਗਿਆ ਹੈ।” ਨੇਪਾਲ ਸਰਕਾਰ ਨੇ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਲਾਪਤਾ ਲੋਕਾਂ ਵਿੱਚ ਛੇ ਚੀਨੀ ਨਾਗਰਿਕ ਅਤੇ ਤਿੰਨ ਪੁਲਸ ਕਰਮਚਾਰੀ ਸ਼ਾਮਲ ਹਨ।