ਲੁਧਿਆਣਾ: ਪੰਜਾਬ ’ਚੋਂ ਵੱਡੀ ਗਿਣਤੀ ’ਚ ਨੌਜਵਾਨ ਪੜ੍ਹਾਈ ਅਤੇ ਕੰਮ ਲਈ ਕੈਨੇਡਾ, ਯੂ.ਕੇ. ਆਦਿ ਦੇਸ਼ਾਂ ’ਚ ਗਏ ਹੋਏ ਹਨ, ਜਿੱਥੇ ਉਨ੍ਹਾਂ ਦੀ ਕਿਸੇ ਹਾਦਸੇ ਕਾਰਨ ਜਾਂ ਕਿਸੇ ਹੋਰ ਕਾਰਨ ਅਚਾਨਕ ਮੌਤ ਹੋਣ ’ਤੇ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਸ਼ਬਦ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਬੈਂਸ ਨੇ ਦੱਸਿਆ ਕਿ ਹਾਲ ਹੀ ’ਚ ਲੁਧਿਆਣਾ ਦੇ ਕੈਨਾਲ ਵਿਊ ਐਨਕਲੇਵ ਦੇ ਵਾਸੀ ਬਲਵਿੰਦਰ ਨੀਵੀਆ ਦੇ ਪੁੱਤਰ ਰੋਹਨਪ੍ਰੀਤ ਸਿੰਘ ਦੀ ਕੈਨੇਡਾ ’ਚ ਅਚਾਨਕ ਮੌਤ ਹੋ ਗਈ।
ਜਦੋਂ ਉਨ੍ਹਾਂ ਦਾ ਪਰਿਵਾਰ ਮੈਨੂੰ ਮਿਲਿਆ ਅਤੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੈਂ ਇਸ ਬਾਰੇ ਐੱਮ.ਪੀ. ਰਾਜਾ ਵੜਿੰਗ ਨਾਲ ਗੱਲਬਾਤ ਕੀਤੀ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਰਾਜਾ ਵੜਿੰਗ ਵੱਲੋਂ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਇਕ ਮੰਗ-ਪੱਤਰ ਸੌਂਪਿਆ ਗਿਆ।
ਇਸ ਮੌਕੇ ਵਿਦੇਸ਼ ਮੰਤਰੀ ਦੇ ਪੀ.ਏ. ਮਿਸਟਰ ਪਾਂਡੇ ਨੇ ਰਾਜਾ ਵੜਿੰਗ ਨੂੰ ਭਰੋਸਾ ਦਿਵਾਇਆ ਕਿ ਰੋਹਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਸਰਕਾਰ ਵੱਲੋਂ ਮਦਦ ਕੀਤੀ ਜਾਵੇਗੀ ਅਤੇ ਇਸ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾਉਣ ਲਈ ਯਤਨ ਕੀਤੇ ਜਾਣਗੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।