ਜਲੰਧਰ – ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਜਾਨ ਗਵਾਉਣ ਵਾਲੇ 15 ਸਾਲਾ ਬੱਚੇ ਤਰਨਜੋਤ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਦੁੱਖ਼ ਦੀ ਘੜੀ ‘ਚੋਂ ਲੰਘ ਰਹੇ ਪਰਿਵਾਰ ਨਾਲ ਦਿਲੀ ਹਮਦਰਦੀ ਜਤਾਉਣ ਦੇ ਨਾਲ-ਨਾਲ ਸਰਕਾਰ ਸਮੇਤ ਅਫ਼ਸਰਸ਼ਾਹੀ ਨੂੰ ਵੀ ਘੇਰਿਆ ਹੈ। ਉਨ੍ਹਾਂ ਨੇ ਇਸ ਘਟਨਾ ਲਈ ਪੁਲਸ ਦੀ ਅਣਗਹਿਲੀ ਅਤੇ ਕੁਝ ਲੋਕਾਂ ਦੇ ਨਿੱਜੀ ਲਾਲਚ ਨੂੰ ਮੁੱਖ ਕਾਰਨ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਸਮਰਾਲਾ ‘ਚ 15 ਸਾਲਾ ਤਰਨਜੋਤ ਸਿੰਘ ਦੀ ਚਾਈਨੀਜ਼ ਡੋਰ ਕਾਰਨ ਹੋਈ ਮੌਤ ਦਿਲ ਨੂੰ ਛੂਹ ਲੈਣ ਵਾਲੀ ਹੈ। ਉਸ ਦੇ ਪਰਿਵਾਰ ਨਾਲ ਮੇਰੀ ਡੂੰਘੀ ਹਮਦਰਦੀ ਹੈ। ਰਾਜਾ ਵੜਿੰਗ ਨੇ ਪੰਜਾਬ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਸ ਦੀ ਢਿੱਲ-ਮੱਠ ਕਾਰਨ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਨੂੰ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਾਜਾ ਵੜਿੰਗ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚਾਈਨੀਜ਼ ਡੋਰ ਦੀ ਵਰਤੋਂ ਨੂੰ ਰੋਕਣ ਲਈ ਸਮਾਜ ਵਿੱਚ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੀ ਲੋੜ ਹੈ।

