ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ। ਜਿੱਥੇ ਲੁਧਿਆਣਾ ’ਚ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਜਿੱਤ ਹਾਸਿਲ ਹੋਈ ਹੈ। ਇਸ ਵਿਚਾਲੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਜਾ ਵੜਿੰਗ ਨੇ ਬਿੱਟੂ ਨੂੰ ਦੋ-ਟੁੱਕ ਸੁਣਾਈਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵੇਂ ਚੁਣੇ ਗਏ ਸੰਸਦ ਮੈਂਬਰ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਰਵਨੀਤ ਬਿੱਟੂ ਕਾਂਗਰਸ ’ਚ ਹੁੰਦੇ ਤਾਂ ਹੀ ਠੀਕ ਸੀ ਤੇ ਉਨ੍ਹਾਂ ਨੂੰ ਚੌਥੀ ਵਾਰ ਸੰਸਦ ਮੈਂਬਰ ਬਣਨ ਦਾ ਮੌਕਾ ਮਿਲਣਾ ਸੀ। ਬਿੱਟੂ ਦੀ ਸੋਚ ਤੇ ਨੀਅਤ ਦਾ ਹੀ ਅਸਰ ਹੈ ਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ ਵੜਿੰਗ ਨੇ ਬਿੱਟੂ ’ਤੇ ਧਾਰਮਿਕ ਭਾਵਨਾਵਾਂ ਦੇ ਨਾਂ ’ਤੇ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਚੋਣਾਂ ’ਚ ਅਯੋਧਿਆ ਨੇ ਵੀ ਭਾਜਪਾ ਨੂੰ ਨਕਾਰ ਦਿੱਤਾ ਹੈ। ਬਿੱਟੂ ਨੇ ਚੋਣਾਂ ਦੇ ਦਿਨਾਂ ’ਚ ਥਾਂ-ਥਾਂ ਭਗਵਾਨ ਰਾਮ ਦੇ ਪੋਸਟਰ ਲਗਵਾਏ। ਜੋ ਬਾਅਦ ਵਿੱਚ ਸੜਕਾਂ ’ਤੇ ਖਿਲਰੇ ਹੋਏ ਨਜ਼ਰ ਆਏ। ਸ਼੍ਰੀ ਰਾਮ ਨਾਂ ਵਰਤ ਕੇ ਭਾਜਪਾ ਨੇ ਸਿਰਫ ਨਿਰਾਦਰ ਹੀ ਕੀਤਾ ਹੈ। ਇਸ ਤੋਂ ਇਲਾਵਾ ਵੜਿੰਗ ਨੇ ਚੋਣਾਂ ਹਾਰਨ ਵਾਲਿਆਂ ਨੂੰ ਆਪਣੀਆਂ ਆਦਤਾਂ ਸੁਧਾਰਨ ਦੀ ਸਲਾਹ ਵੀ ਦਿੱਤੀ।