ਪਟਿਆਲਾ, 19 ਮਈ- ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਸ਼ਨੀਵਾਰ ਨੂੰ ਰਾਜਪੁਰਾ ਵਿੱਚ ਸਿਆਸੀ ਜਨਤਕ ਮੀਟਿੰਗਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਪਟਿਆਲਾ ਅਤੇ ਪੰਜਾਬ ਦੇ ਉੱਜਵਲ ਭਵਿੱਖ ਦਾ ਹਵਾਲਾ ਦਿੰਦੇ ਹੋਏ ਉਹਨਾਂ ਲੋਕਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ। ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਭੂਗੋਲਿਕ ਸਥਿਤੀਆਂ ਦੇ ਆਧਾਰ ’ਤੇ ਉਹ ਪੂਰੇ ਭਰੋਸੇ ਨਾਲ ਕਹਿ ਸਕਦੇ ਹਨ ਕਿ ਰਾਜਪੁਰਾ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਦੇ ਭਰੋਸੇ ਦੀ ਤਾਕਤ ਨਾਲ ਉਹ ਮੋਦੀ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹਨ ਅਤੇ ਉਨ੍ਹਾਂ ਦਾ ਇੱਕ ਅਹਿਮ ਸੁਪਨਾ ਰਾਜਪੁਰਾ ਨੂੰ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਾਉਣਾ ਹੈ। ਰੇਲ, ਸੜਕ ਅਤੇ ਹਵਾਈ ਸੰਪਰਕ ਨਾਲ ਜੁੜਿਆ ਹੋਣ ਕਰਕੇ ਰਾਜਪੁਰਾ ਪੰਜਾਬ ਦੀ ਮੁੱਖ ਉਦਯੋਗਿਕ ਇਕਾਈ ਬਣ ਕੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਸਕੇਗਾ। ਵੱਡੀਆਂ ਸਨਅਤੀ ਇਕਾਈਆਂ ਵਾਲੇ ਰਾਜਪੁਰਾ ਨੂੰ ਕਈ ਵਿਦੇਸ਼ੀ ਕੰਪਨੀਆਂ ਨੇ ਪਹਿਲਾਂ ਹੀ ਆਪਣੀ ਪਹਿਲੀ ਪਸੰਦ ਬਣਾਇਆ ਹੋਇਆ ਹੈ।
ਭਾਜਪਾ ਆਗੂ ਪ੍ਰਨੀਤ ਕੌਰ ਨੇ 1 ਜੂਨ ਨੂੰ ਕਮਲ ਦੇ ਫੁੱਲ ਦੇ ਬਟਣ ਨੂੰ ਦੱਬ ਕੇ ਰਾਮ ਭਗਤ ਨਰਿੰਦਰ ਭਾਈ ਮੋਦੀ ਦੇ ਹੱਥ ਮਜਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਵੱਡੀ ਸਰਕਾਰੀ ਸਹਾਇਤਾ ਤੋਂ ਅੱਜ ਰਾਜਪੁਰਾ ਦੀ ਆਪਣੀ ਵੱਖਰੀ ਪਛਾਣ ਹੈ।
ਭਾਜਪਾ ਆਗੂ ਪ੍ਰਨੀਤ ਕੌਰ ਨੇ ਆਪਣੇ ਰਾਜਪੁਰਾ ਦੌੜੇ ਦੌਰਾਨ ਪਿੰਡ ਨਲਾਸ ਵਿਖੇ ਪਹੁੰਚ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। ਮੰਦਿਰ ਵਿੱਚ ਮੱਥਾ ਟੇਕਣ ਮਗਰੋਂ ਪ੍ਰਨੀਤ ਕੌਰ ਨੇ ਕਿਹਾ ਕਿ ਰਾਜਪੁਰਾ ਅਤੇ ਇੱਥੋਂ ਦੇ ਵਸਨੀਕਾਂ ਨੂੰ ਨਲਾਸ ਵਿੱਚ ਸਥਿਤ ਭਗਵਾਨ ਸ਼ਿਵ ਦੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਨਲਾਸ ਇਲਾਕੇ ਵਿੱਚ 15ਵੀਂ ਸਦੀ ਤੋਂ ਸੰਤਾਂ ਦਾ ਨਿਵਾਸ ਰਿਹਾ ਹੈ। ਸ਼ਾਇਦ ਇਸੇ ਕਾਰਨ ਰਾਜਪੁਰਾ ਨੇ ਹਮੇਸ਼ਾ ਤਰੱਕੀ ਕੀਤੀ ਹੈ। ਨੈਸ਼ਨਲ ਹਾਈਵੇਅ ਨੰਬਰ 1 ਅਤੇ ਪੰਜਾਬ ਵਿੱਚ ਭਾਰਤੀ ਰੇਲਵੇ ਦਾ ਮੁੱਖ ਐਂਟਰੀ ਗੇਟ ਰਾਜਪੁਰਾ ਵਿੱਚ ਸਥਾਪਿਤ ਹੋਣ ਕਾਰਨ ਇੱਥੇ ਉਦਯੋਗਾਂ ਨੂੰ ਵਿਕਸਿਤ ਕਰਨਾ ਆਸਾਨ ਹੋ ਸਕਿਆ ਹੈ।