ਚੰਡੀਗੜ੍ਹ- ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਕੇਂਦਰ ਵੱਲੋਂ ਰਾਜ ਆਫ਼ਤ ਰਾਹਤ ਫੰਡ ਅਧੀਨ ਸਹਾਇਤਾ ਦੇ ਨਿਯਮਾਂ ਵਿੱਚ ਊਣਤਾਈਆਂ ਜਿਵੇਂ ਕਿ ਮੁਆਵਜ਼ੇ ਲਈ 6800 ਰੁਪਏ ਪ੍ਰਤੀ ਏਕੜ ਅਤੇ ਘਰਾਂ ਦੀ ਮੁਰੰਮਤ ਲਈ 6500 ਰੁਪਏ ਦੇਣ ਦੇ ਨਿਯਮਾਂ ਆਦਿ ਨੂੰ ਦਰੁੱਸਤ ਕੀਤਾ ਜਾਵੇ ਅਤੇ ਪੰਜਾਬ ‘ਚ ਹਾਲ ਹੀ ‘ਚ ਆਏ ਹੜ੍ਹਾਂ ਲਈ ਮੁਆਵਜ਼ੇ ਦੇ ਨਿਯਮਾਂ ਨੂੰ ਹੋਏ ਨੁਕਸਾਨ ਮੁਤਾਬਕ ਸੋਧਿਆ ਜਾਵੇ।
ਡਾ. ਸਾਹਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 2025-26 ਲਈ ਐੱਸ. ਡੀ. ਆਰ. ਐੱਫ਼. ਅਧੀਨ ਮੌਜੂਦਾ ਅਲਾਟਮੈਂਟ 1600 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੋਂ ਇਲਾਵਾ ਫ਼ਸਲਾਂ, ਵੱਖ-ਵੱਖ ਦਰਿਆਵਾਂ ਦੇ ਬੰਨ੍ਹਾਂ ਅਤੇ ਬੰਨ੍ਹਾਂ ਦੀ ਉਸਾਰੀ ਅਤੇ ਨਹਿਰਾਂ ਦੇ ਪਾੜਾਂ ਦੀ ਮੁਰੰਮਤ ਲਈ ਪ੍ਰਾਪਤ 882 ਕਰੋੜ ਰੁਪਏ ਦੀ ਥਾਂ ਇਕ ਵਿਸ਼ੇਸ਼ ਪੈਕੇਜ ਵਜੋਂ ਵਧਾ ਕੇ 10,000 ਕਰੋੜ ਰੁਪਏ ਕਰ ਦਿੱਤੇ ਜਾਣੇ ਚਾਹੀਦਾ ਹਨ। ਹਾੜੀ ਦੇ ਸੀਜ਼ਨ ਵਿੱਚ ਕਣਕ ਦੀ ਬਿਜਾਈ ਲਈ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਜੇ. ਸੀ. ਬੀ. ਸਮੇਤ ਡੀਸਿਲਟਿੰਗ ਮਸ਼ੀਨਾਂ, ਖਾਦ, ਬੀਜ ਵਰਗੇ ਖੇਤੀਬਾੜੀ ਇਨਪੁਟ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ, ਜੋਕਿ ਦੇਸ਼ ਦੀ ਭੋਜਨ ਸੁਰੱਖਿਆ ਲਈ ਬਹੁਤ ਅਹਿਮ ਹਨ।

