ਚੰਡੀਗੜ੍ਹ -ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਨੀਟ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਲੀਕ ਹੋਣ ਦਾ ਮੁੱਦਾ ਚੁੱਕਿਆ। ਉਨ੍ਹਾਂ ਇਸ ਸਰਕਾਰ ਦੌਰਾਨ ਹੋਏ ਪੇਪਰ ਲੀਕ ਦੀ ਪੂਰੀ ਸੂਚੀ ਸਦਨ ਦੇ ਅੰਦਰ ਰੱਖੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਦੋ IPL ਚੱਲ ਰਹੇ ਹਨ, ਪਹਿਲਾ ਹੈ ਇੰਡੀਅਨ ਪ੍ਰੀਮੀਅਰ ਲੀਗ, ਜਿਸ ਵਿਚ ਬੱਲੇ ਅਤੇ ਬਾਲ ਨਾਲ ਖੇਡ ਖੇਡੀ ਜਾਂਦੀ ਹੈ। ਇਸ ਦੇ ਨਾਲ ਹੀ ਦੂਜਾ ਇੰਡੀਆ ਪੇਪਰ ਲੀਕ ਹੈ, ਜਿਸ ਵਿਚ ਪੇਪਰ ਲੀਕ ਕਰਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੰਡੀਆ ਪੇਪਰ ਲੀਕ ਕਾਰਨ ਨੀਟ-ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ ਦੇਣ ਵਾਲੇ 35 ਲੱਖ ਬੱਚਿਆਂ ਦਾ ਭਵਿੱਖ ਹਨੇਰੇ ਵਿਚ ਹੈ। ਪਿਛਲੇ 10 ਸਾਲਾਂ ਵਿਚ ਕੇਂਦਰ ਸਰਕਾਰ ਸਾਡੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਪ੍ਰਦਾਨ ਨਹੀਂ ਕਰ ਸਕੀ ਹੈ। ਇਸ ਲਈ ਇਸ ਸਰਕਾਰ ਵਿਚ ਵਿਆਪਮ ਘਪਲਾ, ਨੀਟ- ਯੂ.ਜੀ.ਸੀ. ਨੈੱਟ, ਯੂ.ਪੀ. ਪੁਲਸ ਭਰਤੀ ਸਮੇਤ ਸਾਰੇ ਪੇਪਰ ਲੀਕ ਹੋ ਗਏ ਹਨ।