ਬੈਂਗਲੁਰੂ- ਕਰਨਾਟਕ ਦੇ ਰਾਜਰਾਜੇਸ਼ਵਰੀ ਨਗਰ ਤੋਂ ਭਾਜਪਾ ਵਿਧਾਇਕ ਮੁਨਿਰਤਨ ਖ਼ਿਲਾਫ਼ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਘਟਨਾ ਇਕ ਪਰਸਨਲ ਰਿਜ਼ੋਰਟ ‘ਚ ਹੋਈ। ਵਿਧਾਇਕ ਸਮੇਤ 7 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਮੁਨਿਰਤਨ ਪਹਿਲਾਂ ਤੋਂ ਨਿਆਂਇਕ ਹਿਰਾਸਤ ‘ਚ ਹੈ। ਉਨ੍ਹਾਂ ‘ਤੇ ਇਕ ਠੇਕੇਦਾਰ ਨੂੰ ਧਮਕਾਉਣ, ਗਾਲ੍ਹਾਂ ਕੱਢਣ ਅਤੇ ਕੁੱਟਮਾਰ ਦਾ ਦੋਸ਼ ਹੈ। ਪੁਲਸ ਨੇ ਮੁਨਿਰਤਨ ਨੂੰ 14 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ 30 ਸਤੰਬਰ ਤੱਕ ਨਿਆਂਇਕ ਹਿਰਾਸਤ ‘ਚ ਹੈ।
ਭਾਜਪਾ ਵਿਧਾਇਕ ਮੁਨਿਰਤਨ ‘ਤੇ ਇਕ ਠੇਕੇਦਾਰ ਚੇਲਵਾਰਾਜੂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ, ਜਾਤੀਸੂਚਕ ਅਪਸ਼ਬਦ ਕਹਿਣ ਅਤੇ ਰਿਸ਼ਵਤ ਮੰਗਣ ਦਾ ਦੋਸ਼ ਹੈ। ਵਿਧਾਇਕ ਖ਼ਿਲਾਫ਼ ਵਿਆਲਿਕਾਵਲ ਪੁਲਸ ਸਟੇਸ਼ਨ ‘ਚ 13 ਸਤੰਬਰ ਨੂੰ 2 ਮਾਮਲੇ ਦਰਜ ਹੋਏ ਸਨ। ਉਨ੍ਹਾਂ ਨੂੰ ਕੋਲਾਰ ਜ਼ਿਲ੍ਹੇ ਦੇ ਮੁਲਬਾਗਲ ਕਸਬੇ ਕੋਲ ਨਾਂਗਲੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।