ਨਵੀਂ ਦਿੱਲੀ/ਲਖਨਊ- ਉੱਤਰ ਪ੍ਰਦੇਸ਼ ‘ਚ ਨਿਵੇਸ਼ ਧੋਖਾਧੜੀ ਦੇ ਵੱਡੇ ਮਾਮਲੇ ਵਿੱਚ ਲੋੜੀਂਦੇ ਅਤੇ ਭਗੌੜੇ ਆਰਥਿਕ ਅਪਰਾਧੀ ਰਾਸ਼ਿਦ ਨਸੀਮ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਦੁਬਈ ਪੁਲਿਸ ਨੇ ਨਸੀਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
800 ਤੋਂ 1000 ਕਰੋੜ ਦੀ ਠੱਗੀ ਦਾ ਹੈ ਦੋਸ਼
ਲਖਨਊ ਸਥਿਤ ਰੀਅਲ ਅਸਟੇਟ ਫਰਮ ਸ਼ਾਈਨ ਸਿਟੀ ਗਰੁੱਪ ਦੇ ਪ੍ਰਮੋਟਰ ਰਾਸ਼ਿਦ ਨਸੀਮ ‘ਤੇ ਦੋਸ਼ ਹੈ ਕਿ ਉਸ ਨੇ ਰੀਅਲ ਅਸਟੇਟ ਸਕੀਮਾਂ ਅਤੇ ‘ਮਲਟੀ-ਲੈਵਲ ਮਾਰਕੀਟਿੰਗ’ ਰਾਹੀਂ ਲੋਕਾਂ ਨੂੰ ਵੱਧ ਮੁਨਾਫ਼ੇ ਦਾ ਝਾਂਸਾ ਦੇ ਕੇ ਲਗਭਗ 800 ਤੋਂ 1000 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਉੱਤਰ ਪ੍ਰਦੇਸ਼ ਪੁਲਸ ਵੱਲੋਂ ਇਸ ਗਰੁੱਪ ਖ਼ਿਲਾਫ਼ 554 ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕੀਤੀ ਸੀ।
ਨੇਪਾਲ ਦੇ ਰਸਤੇ ਹੋਇਆ ਸੀ ਫ਼ਰਾਰ
ਜਾਂਚ ਏਜੰਸੀ ਅਨੁਸਾਰ, ਨਸੀਮ ਲਗਾਤਾਰ ਜਾਂਚ ਤੋਂ ਬਚ ਰਿਹਾ ਸੀ ਅਤੇ ਸੰਮਨ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀਂ ਹੋਇਆ। ਉਹ ਨੇਪਾਲ ਦੇ ਰਸਤੇ ਭਾਰਤ ਤੋਂ ਫ਼ਰਾਰ ਹੋ ਕੇ ਦੁਬਈ ਵਿੱਚ ਰਹਿ ਰਿਹਾ ਸੀ। ਲਖਨਊ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ ਅਪ੍ਰੈਲ ‘ਚ ਉਸ ਨੂੰ ਭਗੌੜੇ ਆਰਥਿਕ ਅਪਰਾਧੀ ਐਕਟ (FEOA) ਦੇ ਅਧੀਨ ਅਪਰਾਧੀ ਐਲਾਨ ਕੀਤਾ ਸੀ।

