ਨੈਸ਼ਨਲ ਡੈਸਕ : ਕਪੂਰਥਲਾ ਵਿਖੇ ਸਥਿਤ ਰੇਲ ਕੋਚ ਫੈਕਟਰੀ (ਆਰਸੀਐੱਫ) ਨੇ 8 ਮਹੀਨਿਆਂ ਦੇ ਥੋੜ੍ਹੇ ਸਮੇਂ ਵਿਚ ਐਡਵਾਂਸ ਟੈਕਨਾਲੋਜੀ ਵੰਦੇ ਮੈਟਰੋ ਟ੍ਰੇਨ ਸੈੱਟਾਂ ਦਾ ਨਿਰਮਾਣ ਕਰਕੇ ਇਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ।
ਆਰਸੀਐੱਫ ਵੱਲੋਂ ਮੰਗਲਵਾਰ ਨੂੰ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਰੇਲ ਸੈੱਟ 30 ਸਤੰਬਰ 24 ਨੂੰ ਰੈਡੀਕਾ ਕਪੂਰਥਲਾ ਤੋਂ ਭਾਰਤੀ ਰੇਲਵੇ ਦੀ ਰਿਸਰਚ ਡਿਜ਼ਾਈਨ ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ (ਆਰਡੀਐੱਸਓ) ਟੀਮ ਦੁਆਰਾ ਵੱਖ-ਵੱਖ ਟਰਾਇਲਾਂ ਲਈ ਰਵਾਨਾ ਕੀਤਾ ਗਿਆ ਸੀ। ਪੱਛਮੀ ਮੱਧ ਰੇਲਵੇ ਦੇ ਕੋਟਾ ਡਿਵੀਜ਼ਨ ਵਿਚ ਸ਼ਨੀਵਾਰ ਨੂੰ ਕੀਤੇ ਗਏ ਸਪੀਡ ਅਤੇ ਬ੍ਰੇਕਿੰਗ ਦੂਰੀ ਦੇ ਟਰਾਇਲ ਦੌਰਾਨ ਇਸ ਟਰੇਨ ਨੇ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਭਗ 50 ਕਿਲੋਮੀਟਰ ਦੀ ਦੂਰੀ ਨੂੰ ਸਫਲਤਾਪੂਰਵਕ ਤੈਅ ਕੀਤਾ।
RCF ਦੁਆਰਾ ਨਿਰਮਿਤ ਵੰਦੇ ਮੈਟਰੋ ਟ੍ਰੇਨ ਦੇ ਕੋਚਾਂ ਵਿਚ 100 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਅਤੇ 180 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੈ। ਇਹ ਟ੍ਰੇਨ ਸੈੱਟ ਅਤਿ-ਆਧੁਨਿਕ ਸੁਰੱਖਿਆ ਉਪਕਰਨਾਂ ਨਾਲ ਲੈਸ ਹੈ ਅਤੇ ਬਹੁਤ ਸਾਰੀਆਂ ਨਵੀਆਂ ਯਾਤਰੀ ਸੁਵਿਧਾਵਾਂ ਜਿਵੇਂ ਕਿ ਐਮਰਜੈਂਸੀ ਦੀ ਸਥਿਤੀ ਵਿਚ ਯਾਤਰੀ-ਡਰਾਈਵਰ ਟਾਕਬੈਕ ਸਿਸਟਮ, ਅੱਗ ਅਤੇ ਧੂੰਏਂ ਦਾ ਪਤਾ ਲਗਾਉਣ ਵਾਲਾ ਸਿਸਟਮ, ਟੱਕਰ ਤੋਂ ਬਚਣ ਲਈ “ਕਵਚ” ਪ੍ਰਣਾਲੀ ਅਤੇ ਸਰੀਰਕ ਤੌਰ ‘ਤੇ ਅਪਾਹਜ ਵਿਅਕਤੀਆਂ ਲਈ ਵਿਸ਼ੇਸ਼ ਪਖਾਨਿਆਂ ਨਾਲ ਲੈਸ ਹੈ।