ਹੈਦਰਾਬਾਦ ਤੋਂ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਖ਼ਿਲਾਫ਼ ਚੋਣ ਲੜ ਰਹੀ ਭਾਜਪਾ ਉਮੀਦਵਾਰ ਮਾਧਵੀ ਲਤਾ ਵਿਵਾਦਾਂ ਵਿੱਚ ਘਿਰ ਗਈ ਹੈ। ਦਰਅਸਲ ਮਾਧਵੀ ਨੇ ਹੈਦਰਾਬਾਦ ਦੇ ਇੱਕ ਬੂਥ ‘ਤੇ ਕੁਝ ਮੁਸਲਿਮ ਮਹਿਲਾ ਵੋਟਰਾਂ ਦੀ ਆਈਡੀ ਮੰਗੀ। ਇਸ ਦੌਰਾਨ ਮੁਸਿਲਮ ਔਰਤ ਦੇ ਚਿਹਰੇ ਤੋਂ ਬੁਰਕਾ ਉਤਰਵਾ ਕੇ ਉਨ੍ਹਾਂ ਆਈਡੀ ਨਾਲ ਮੈਚ ਕੀਤਾ। ਇਸੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੈਦਰਾਬਾਦ ਦੇ ਮਲਕਪੇਟ ਪੁਲਿਸ ਸਟੇਸ਼ਨ ‘ਚ ਮਾਧਵੀ ਲਤਾ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ ‘ਤੇ ਹੈਦਰਾਬਾਦ ਦੇ ਕਲੈਕਟਰ ਨੇ ਕਿਹਾ ਹੈ ਕਿ ਮਾਧਵੀ ਲਤਾ ਦੇ ਖਿਲਾਫ ਧਾਰਾ 171ਸੀ, 186, 505(1)(ਸੀ) ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 132 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵਿਵਾਦ ਖੜਾ ਹੁੰਦੇ ਹੀ ਭਾਜਪਾ ਨੇਤਰੀ ਮਾਧਵੀ ਲਤਾ ਨੇ ਸਫਾਈ ਪੇਸ਼ ਕੀਤੀ। ਉਨ੍ਹਾਂ ਕਿਹਾ- ਮੈਂ ਖੁਦ ਉਮੀਦਵਾਰ ਹਾਂ। ਬੜੀ ਨਿਮਰਤਾ ਨਾਲ, ਮੈਂ ਸਿਰਫ ਉਸ ਨੂੰ ਚਿਹਰਾ ਦਿਖਾਉਣ ਦੀ ਬੇਨਤੀ ਕੀਤੀ ਹੈ। ਕਿਉਂਕਿ ਕਾਨੂੰਨ ਅਨੁਸਾਰ ਉਮੀਦਵਾਰ ਨੂੰ ਬਿਨਾਂ ਮਾਸਕ ਦੇ ਪਹਿਚਾਣ ਪੱਤਰ ਦੀ ਜਾਂਚ ਕਰਨ ਦਾ ਅਧਿਕਾਰ ਹੈ। ਮੈਂ ਕੋਈ ਮਰਦ ਨਹੀਂ, ਮੈਂ ਇਕ ਔਰਤ ਹਾਂ ਅਤੇ ਜੇਕਰ ਕੋਈ ਇਸ ਨੂੰ ਵੀ ਕੋਈ ਵੱਡਾ ਮੁੱਦਾ ਬਣਾਉਣਾ ਚਾਹੁੰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਉਹ ਡਰੇ ਹੋਏ ਹਨ।