ਕਪੂਰਥਲਾ: ਥਾਣਾ ਸਦਰ ਅਧੀਨ ਪੈਂਦੇ ਪਿੰਡ ਔਜਲਾ ਬਨਵਾਲੀ ਨੇੜੇ ਦੋ ਅਣਪਛਾਤੇ ਲੁਟੇਰਿਆਂ ਨੇ ਸਨਸਨੀਖੇਜ਼ ਢੰਗ ਨਾਲ ਇਕ ਬੈਂਕ ਅਧਿਕਾਰੀ ਕੋਲੋਂ 2.30 ਲੱਖ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ। ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ, ਉੱਥੇ ਹੀ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਦੋ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਸ਼ਿਵ ਕੁਮਾਰ ਵਾਸੀ ਪਿੰਡ ਭੇਟਾਂ ਨੇ ਦੱਸਿਆ ਕਿ ਉਹ ਪਿਛਲੇ 18 ਸਾਲਾਂ ਤੋਂ ਉਜੀਵਨ ਸਮਾਲ ਫਾਈਨਾਂਸ ਬੈਂਕ ਬਰਾਂਚ ਕਪੂਰਥਲਾ ’ਚ ਬਤੌਰ ਕਸਟਮਰ ਰਿਲੇਸ਼ਨਸ਼ਿਪ ਅਫਸਰ (ਸੀ. ਆਰ. ਓ.) ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਡਿਊਟੀ ਜਿਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਹੈ, ਉਨ੍ਹਾਂ ਤੋਂ ਕਿਸ਼ਤਾਂ ਇਕੱਠੀਆਂ ਕਰਨਾ ਹੈ। ਲੋਕਾਂ ਤੋਂ ਇਕੱਠੇ ਕੀਤੇ ਪੈਸੇ ਸ਼ਾਮ ਨੂੰ ਬੈਂਕ ’ਚ ਜਮ੍ਹਾਂ ਕਰਵਾਉਣੇ ਪੈਂਦੇ ਹਨ। 20 ਦਸੰਬਰ ਨੂੰ ਸ਼ਾਮ 5:20 ਵਜੇ ਦੇ ਕਰੀਬ ਉਹ ਮੋਟਰਸਾਈਕਲ ’ਤੇ ਆਪਣੇ ਇਲਾਕੇ ’ਚ ਬੈਂਕ ਦੀਆਂ ਕਿਸ਼ਤਾਂ ਇਕੱਠੀਆਂ ਕਰ ਰਿਹਾ ਸੀ।
ਸ਼ਿਵ ਕੁਮਾਰ ਨੇ ਕਿਹਾ ਕਿ ਜਦੋਂ ਉਹ ਪਿੰਡ ਔਜਲਾ ਬਨਵਾਲੀ ਤੋਂ ਬੈਂਕ ਦੀਆਂ ਕਿਸ਼ਤਾਂ ਲੈ ਕੇ ਪਿੰਡ ਨੂੰ ਜਾਣ ਲੱਗਾ ਤਾਂ ਪਿੰਡ ਦੇ ਬਾਹਰ ਸਕੂਲ ਵਾਲੇ ਪਾਸੇ ਬਿਨਾਂ ਨੰਬਰੀ ਪਲਸਰ ਮੋਟਰਸਾਈਕਲ ’ਤੇ ਦੋ ਨੌਜਵਾਨ ਖੜ੍ਹੇ ਸਨ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਕਤ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਮੇਰੇ ਮੋਟਰਸਾਈਕਲ ਦੇ ਪਿੱਛੇ ਲਗਾ ਦਿੱਤਾ। ਜਦੋਂ ਉਹ ਪਿੰਡ ਤੋਂ ਥੋੜ੍ਹੀ ਦੂਰ ਪਹੁੰਚਿਆ ਤਾਂ ਉਨ੍ਹਾਂ ਨੇ ਬਾਈਕ ਦੇ ਅੱਗੇ ਰੱਖਿਆ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਉਹ ਮੋਟਰਸਾਈਕਲ ਪਿੰਡ ਧਾਲੀਵਾਲ ਵੱਲ ਭਜਾ ਲਿਆ। ਲੁਟੇਰੇ ਵੀ ਮੇਰੇ ਮਗਰ ਆ ਗਏ। ਪਿੰਡ ਧਾਲੀਵਾਲ ਤੋਂ ਥੋੜ੍ਹਾ ਪਿੱਛੇ ਪਲਸਰ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਮੇਰੇ ਮੋਟਰਸਾਈਕਲ ਨੂੰ ਲੱਤ ਮਾਰ ਦਿੱਤੀ, ਜਿਸ ਕਾਰਨ ਉਹ ਮੋਟਰਸਾਈਕਲ ਸਮੇਤ ਕੱਚੀ ਥਾਂ ’ਤੇ ਡਿੱਗ ਗਿਆ, ਜਿਸ ਤੋਂ ਬਾਅਦ ਲੁਟੇਰੇ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ।