ਫਗਵਾੜਾ – ਫਗਵਾੜਾ ਦੀ ਪਾਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਦਵਾਈ ਲੈਣ ਦੇ ਬਹਾਨੇ ਇਕ ਦਵਾਈ ਵਿਕਰੇਤਾ ਦੀ ਦੁਕਾਨ ਨੂੰ ਲੁੱਟ ਲਿਆ ਤੇ ਨਕਦੀ ਆਦਿ ਲੈ ਕੇ ਫਿਲਮੀ ਸਟਾਈਲ ’ਚ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਸ਼ਹਿਰ ਦੇ ਸਭ ਤੋਂ ਵਿਅਸਤ ਅਤੇ ਪਾਸ਼ ਇਲਾਕੇ ਦੀ ਮਾਰਕੀਟ ’ਚ ਲੁੱਟ-ਖੋਹ ਦੀ ਉਕਤ ਘਟਨਾ ਤੋਂ ਬਾਅਦ ਗੁੱਸੇ ’ਚ ਆਏ ਸ਼ਹਿਰ ਦੇ ਸਾਰੇ ਕੈਮਿਸਟਾਂ ਨੇ ਮੌਕੇ ’ਤੇ ਪਹੁੰਚੇ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਪੂਰੇ ਸ਼ਹਿਰ ’ਚ ਦੁਕਾਨਾਂ ਬੰਦ ਕਰ ਦਿੱਤੀਆਂ। ਗੱਲਬਾਤ ਕਰਦਿਆਂ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਫਗਵਾੜਾ ਵਿੱਚ ਕੈਮਿਸਟ ਭਰਾਵਾਂ ਦੀਆਂ ਦੁਕਾਨਾਂ ਚੋਰਾਂ, ਲੁਟੇਰਿਆਂ ਅਤੇ ਡਕੈਤਾਂ ਦੇ ਨਿਸ਼ਾਨੇ ’ਤੇ ਹਨ।