ਕੋਟਾ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਰਾਸ਼ਟਰੀ ਰਾਜਮਾਰਗ-27 ‘ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਇੱਕ ਵੈਨ ਇੱਕ ਅਣਪਛਾਤੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਜੋੜੇ ਸਮੇਤ ਚਾਰ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਨਾਬਾਲਗ ਸਮੇਤ ਪੰਜ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ।
ਇਸ ਹਾਦਸੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਾਬੀ ਦੇ ਐੱਸਐੱਚਓ ਹੇਮਰਾਜ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸਵੇਰੇ 4:30 ਵਜੇ ਦੇ ਕਰੀਬ ਡਾਬੀ ਥਾਣਾ ਖੇਤਰ ਦੇ ਸੁਤਾਡਾ ਪਿੰਡ ਨੇੜੇ ਵਾਪਰੀ, ਜਦੋਂ ਰਾਜਸਥਾਨ ਦੇ ਬਾਰਨ ਅਤੇ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਤੋਂ ਕੰਕਰੋਲੀ ਅਤੇ ਨਾਥਦੁਆਰਾ ਜਾ ਰਹੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਇੱਕ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਡਾਬੀ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਈ, ਜਿੱਥੋਂ ਉਨ੍ਹਾਂ ਨੂੰ ਕੋਟਾ ਦੇ ਨਿਊ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਦੀ ਪਛਾਣ ਸੰਤੋਸ਼, ਉਸਦੀ ਪਤਨੀ ਸੰਗੀਤਾ, ਅਨਿਲ ਅਤੇ ਦੇਵਰਾਜ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਵਿੱਚ ਹੇਮਰਾਜ, ਅਨਿਲ ਦੀ ਪਤਨੀ ਮੀਨਾਕਸ਼ੀ ਅਤੇ ਸੌਰਭ ਸ਼ਾਮਲ ਹਨ। ਸ਼ਰਮਾ ਨੇ ਕਿਹਾ ਕਿ ਇੱਕ ਨਾਬਾਲਗ ਸਮੇਤ ਦੋ ਹੋਰਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਐਸਐਚਓ ਨੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਕੋਟਾ ਦੇ ਨਿਊ ਮੈਡੀਕਲ ਕਾਲਜ ਹਸਪਤਾਲ (ਐਨਐਮਸੀਐਚ) ਵਿੱਚ ਕੀਤਾ ਜਾ ਰਿਹਾ ਹੈ, ਜਦੋਂ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।