ਨੈਸ਼ਨਲ – ਦਿੱਲੀ ‘ਚ ਭਾਜਪਾ ਸਰਕਾਰ ਦੀ ਮਹਿਲਾ ਸਮ੍ਰਿੱਧੀ ਯੋਜਨਾ ਕੱਲ੍ਹ ਯਾਨੀ 8 ਮਾਰਚ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ‘ਚ 21-60 ਸਾਲ ਉਮਰ ਵਰਗ ਦੀਆਂ ਉਹ ਔਰਤਾਂ ਜਿਨ੍ਹਾਂ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਇਸ ਯੋਜਨਾ ਦੇ ਅਧੀਨ 2,500 ਰੁਪਏ ਦੀ ਸਾਲਾਨਾ ਮਦਦ ਮਿਲੇਗੀ। ਯੋਜਨਾ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਇਆ ਕਿ ਦਿੱਲੀ ਦੇ ਮੁੱਖ ਸਕੱਤਰ ਦੀ ਮੌਜੂਦਗੀ ‘ਚ ਇਕ ਬੈਠਕ ‘ਚ ਯੋਗਤਾ ਦੇ ਮਾਪਦੰਡਾਂ ‘ਤੇ ਚਰਚਾ ਕੀਤੀ ਗਈ। ਇਹ ਯੋਜਨਾ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦਾ ਇਕ ਪ੍ਰਮੁੱਖ ਚੋਣ ਵਾਅਦਾ ਸੀ। ਅਧਿਕਾਰੀ ਨੇ ਦੱਸਿਆ,”ਮਹਿਲਾ ਸਮ੍ਰਿੱਧੀ ਯੋਜਨਾ ਦੇ ਅਧੀਨ ਰਜਿਸਟਰੇਸ਼ਨ ਲਈ ਯੋਗ ਔਰਤਾਂ ਦੀ ਉਮਰ ਹੱਦ 2.5 ਲੱਖ ਰੁਪਏ ਹੋਵੇਗੀ। ਅਸੀਂ ਯੋਜਨਾ ਦਾ ਮਸੌਦਾ ਤਿਆਰ ਕਰ ਲਿਆ ਹੈ, ਜਿਸ ਨੂੰ ਮਨਜ਼ੂਰੀ ਲਈ ਕੈਬਨਿਟ ਦੀ ਬੈਠਕ ‘ਚ ਪੇਸ਼ ਕੀਤਾ ਜਾਵੇਗਾ।”
ਉਨ੍ਹਾਂ ਦੱਸਿਆ ਕਿ ਮਸੌਦੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਸੱਤਾਧਾਰੀ ਪਾਰਟੀ ਦੇ ਸੀਨੀਅਰ ਨੇਤਾ 8 ਮਾਰਚ ਦੇ ਪ੍ਰੋਗਰਾਮ ‘ਚ ਮੌਜੂਦ ਰਹਿਣਗੇ, ਜਿੱਥੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ 2,500 ਰੁਪਏ ਪ੍ਰਦਾਨ ਕਰਨ ਦੀ ਯੋਜਨਾ ਦਾ ਆਨਲਾਈਨ ਰਜਿਸਟਰੇਸ਼ਨ ਅਤੇ ਕੁਝ ਲਾਭਪਾਤਰੀਆਂ ਨੂੰ ਪ੍ਰਤੀਕਾਤਮਕ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ 8 ਮਾਰਚ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਆਯੋਜਿਤ ਕੀਤਾ ਜਾਵੇਗਾ। ਪਾਰਟੀ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਹਾਲ ਹੀ ‘ਚ ਕਿਹਾ ਸੀ ਕਿ ਯੋਜਨਾ ਲਈ ਰਜਿਸਟਰੇਸ਼ਨ ਪ੍ਰਕਿਰਿਆ 8 ਮਾਰਚ ਤੋਂ ਸ਼ੁਰੂ ਹੋਵੇਗੀ।