ਹਰਿਆਣਾ – ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਚ ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ ਦੀ ਰੋਹਤਕ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਡਾ. ਅਰਵਿੰਦ ਸ਼ਰਮਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣੇ ਕਰਨਾ ਪਿਆ। ਪਿੰਡ ਟਿਟੌਲੀ ਵਿਚ ਵੋਟਾਂ ਮੰਗਣ ਆਏ ਅਰਵਿੰਦ ਸ਼ਰਮਾ ਨੂੰ ਕਿਸਾਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿਤੇ। ਕਿਸਾਨਾਂ ਨੇ ਸ਼ਰਮਾ ਨੂੰ ਪੁੱਛਿਆ ਕਿ ਤੁਸੀਂ 5 ਸਾਲ ਕਿੱਥੇ ਸੀ? ਇਸ ‘ਤੇ ਅਰਵਿੰਦ ਸ਼ਰਮਾ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਕਾਂਗਰਸੀ ਕਹਿ ਦਿਤਾ। ਇਹ ਸੁਣ ਕੇ ਕਿਸਾਨ ਗੁੱਸੇ ‘ਚ ਆ ਗਏ। ਦੋਵਾਂ ਵਿਚਾਲੇ ਤਕਰਾਰਬਾਜ਼ੀ ਹੋਈ ਅਤੇ ਮਾਮਲਾ ਹੱਥੋਪਾਈ ਤਕ ਪਹੁੰਚ ਗਿਆ। ਵਿਵਾਦ ਵਧਦਾ ਦੇਖ ਅਰਵਿੰਦ ਸ਼ਰਮਾ ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਚਲੇ ਗਏ। ਇਸ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਲੋਕਾਂ ਵਿਚ ਹੱਥੋਪਾਈ ਹੁੰਦੀ ਨਜ਼ਰ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਮੋਨਿਕਾ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਮੈਂਬਰ ਨੂੰ ਸਿਰਫ ਸਵਾਲ ਪੁੱਛੇ ਸਨ ਪਰ ਸੰਸਦ ਮੈਂਬਰ ਜਵਾਬ ਨਹੀਂ ਦੇ ਸਕੇ ਅਤੇ ਉਥੋਂ ਚਲੇ ਗਏ। ਪਿੰਡ ਟਿਟੌਲੀ ਵਿਚ ਜਦੋਂ ਸੰਸਦ ਮੈਂਬਰ ਨੂੰ ਸਵਾਲ ਪੁੱਛੇ ਗਏ ਤਾਂ ਕਿਸਾਨ ਆਗੂ ਦੇ ਪਰਿਵਾਰਕ ਮੈਂਬਰਾਂ ਨਾਲ ਪ੍ਰਬੰਧਕਾਂ ਦੀ ਤਕਰਾਰ ਹੋ ਗਈ ਅਤੇ ਸਥਿਤੀ ਤਕਰਾਰ ਤਕ ਪਹੁੰਚ ਗਈ। ਕਿਸਾਨ ਸ਼ਾਂਤਮਈ ਢੰਗ ਨਾਲ ਸਵਾਲ ਪੁੱਛਣ ਆਏ ਸਨ।