ਲੁਧਿਆਣਾ ਦੀ ਦਾਣਾ ਮੰਡੀ ’ਚ ਸਥਿਤ ਪਟਾਕਿਆਂ ਦੀ ਮਾਰਕਿਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਗੀ ਹੈ, ਪਰ ਇਸ ਸਾਲ ਨਿਯਮਾਂ ਦੀਆਂ ਵੱਡੀਆਂ ਧੱਜੀਆਂ ਉਡਾਈਆਂ ਗਈਆਂ ਹਨ, ਕਿਉਂਕਿ ਪ੍ਰਸ਼ਾਸਨ ਵੱਲੋਂ ਮੰਡੀ ਦੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ 40 ਦੁਕਾਨਾਂ ਹੀ ਅਲਾਟ ਕੀਤੀਆਂ ਗਈ ਸੀ। ਇਸ ਦਾ ਬਕਾਇਦਾ ਪਹਿਲਾਂ ਲੱਕੀ ਡਰਾਅ ਕੱਢਿਆ ਗਿਆ ਅਤੇ ਫਿਰ ਦੁਕਾਨਾਂ ਅਲਾਟ ਕੀਤੀਆਂ ਗਈਆਂ। ਪਰ ਪਟਾਕੇ ਦੇ ਵਪਾਰੀਆਂ ਵੱਲੋਂ ਜਿੰਨਾਂ ਨੂੰ ਡਰਾਅ ਨਿਕਲੇ, ਉਹਨਾਂ ਤੋਂ ਦੁਕਾਨਾਂ ਖਰੀਦ ਕੇ ਉੱਥੇ ਪਟਾਕੇ ਵੇਚੇ ਜਾ ਰਹੇ ਨੇ। ਇਹਨਾਂ ਹੀ ਨਹੀਂ 40 ਦੁਕਾਨਾਂ ਦੀ ਥਾਂ ’ਤੇ 41 ਦੁਕਾਨਾਂ ਮੰਡੀ ਦੇ ਵਿੱਚ ਲਗਾਈਆਂ ਗਈਆਂ ਨੇ। ਸਿੱਧੇ ਤੌਰ ’ਤੇ ਇੱਕ ਦੁਕਾਨ ਵਾਧੂ ਲਗਾਈ ਗਈ ਹੈ। ਜਿੱਥੇ ਲੱਖਾਂ ਰੁਪਏ ਦੇ ਪਟਾਕੇ ਵੇਚੇ ਜਾ ਰਹੇ ਹਨ ਅਤੇ ਇਸ ਦਾ ਕੋਈ ਰਿਕਾਰਡ ਨਹੀਂ ਹੈ। ਇਸ ਕਰਕੇ ਇਸ ਦਾ ਕੋਈ ਟੈਕਸ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਪਟਾਕਾ ਮਾਰਕਿਟ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸ਼ਰੇਆਮ ਹੀ ਕਹਿੰਦੇ ਹੋਏ ਵਿਖਾਈ ਦਿੱਤੇ ਕਿ ਉਹਨਾਂ ਨੂੰ ਇਸ ਦੁਕਾਨ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਉਹਨਾਂ ਕਿਹਾ ਕਿ 40 ਦੁਕਾਨਾਂ ਹੀ ਲੱਗੀਆਂ ਹਨ ਤੇ 41ਵੀਂ ਦੁਕਾਨ ਹੈ ਹੀ ਨਹੀਂ, ਜਦੋਂ ਕਿ ਮਾਰਕਿਟ ਦੇ ਵਿੱਚ ਸਭ ਦੇ ਸਾਹਮਣੇ ਇਹ ਦੁਕਾਨ ਚੱਲ ਰਹੀ ਹੈ। ਦੂਜੇ ਪਾਸੇ ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਨੋਟਿਸ ’ਚ ਹੁਣੇ ਇਹ ਮਾਮਲਾ ਆਇਆ ਹੈ, ਉਹ ਇਸ ਸਬੰਧੀ ਜਾਣਕਾਰੀ ਲੈਣਗੇ। ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਓਧਰ ਜਦੋਂ ਇਲਾਕੇ ਦੇ ਵਿਧਾਇਕ ਨੂੰ ਵੀ ਫੋਨ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਇਸ ਦੁਕਾਨ ਨਾਲ ਕੋਈ ਲੈਣਾ ਦੇਣਾ ਨਹੀਂ, ਜਦੋਂ ਕਿ ਪ੍ਰਸ਼ਾਸਨ ਦੀ ਦੇਖਰੇਖ ਹੇਠ ਇਹ ਦੁਕਾਨ ਲਗਵਾਈ ਗਈ ਹੈ।