ਕੀਵ – ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਯੁੱਧ ਦੌਰਾਨ ਇਕ ਵੱਡੀ ਖ਼ਬਰ ਆਈ ਹੈ। ਰੂਸ ਨੇ ਯੂਕ੍ਰੇਨ ‘ਤੇ ਆਪਣਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਹੈ। ਇੱਕ ਯੂਕ੍ਰੇਨੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰੂਸ ਵੱਲੋਂ ਕੀਤਾ ਗਿਆ ਇਹ ਹਮਲਾ ਇੱਕ ਮੁਹਿੰਮ ਦਾ ਹਿੱਸਾ ਹੈ, ਜਿਸ ਨੇ ਤਿੰਨ ਸਾਲ ਤੋਂ ਚੱਲੀ ਆ ਰਹੀ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਦਿੱਤਾ ਹੈ।
ਯੂਕ੍ਰੇਨ ਦੀ ਹਵਾਈ ਸੈਨਾ ਨੇ ਦੱਸਿਆ ਕਿ ਰੂਸ ਨੇ ਯੂਕ੍ਰੇਨ ‘ਤੇ ਕੁੱਲ 537 ਹਵਾਈ ਹਥਿਆਰ ਦਾਗੇ, ਜਿਨ੍ਹਾਂ ਵਿੱਚ 477 ਡਰੋਨ ਅਤੇ ਡੀਕੋਏ ਅਤੇ 60 ਮਿਜ਼ਾਈਲਾਂ ਸ਼ਾਮਲ ਹਨ। ਫੌਜ ਅਨੁਸਾਰ ਇਨ੍ਹਾਂ ਵਿੱਚੋਂ 249 ਨੂੰ ਮਾਰ ਸੁੱਟਿਆ ਗਿਆ ਅਤੇ 226 ਇਲੈਕਟ੍ਰਾਨਿਕ ਤੌਰ ‘ਤੇ ਜਾਮ ਕਰ ਦਿੱਤੇ ਗਏ। ਯੂਕ੍ਰੇਨ ਦੇ ਹਵਾਈ ਸੈਨਾ ਸੰਚਾਰ ਮੁਖੀ ਯੂਰੀ ਇਹਨਾਤ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਰਾਤ ਨੂੰ ਕੀਤਾ ਗਿਆ ਹਮਲਾ ਦੇਸ਼ ‘ਤੇ ‘ਸਭ ਤੋਂ ਵੱਡਾ ਹਵਾਈ ਹਮਲਾ’ ਸੀ, ਜਿਸ ਵਿੱਚ ਡਰੋਨ ਅਤੇ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗੀਆਂ ਗਈਆਂ। ਫੌਜ ਅਨੁਸਾਰ ਇਸ ਹਮਲੇ ਵਿੱਚ ਪੂਰੇ ਦੇਸ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਯੂਕ੍ਰੇਨ ਦੇ ਪੱਛਮੀ ਖੇਤਰ ਵੀ ਸ਼ਾਮਲ ਸਨ, ਜੋ ਕਿ ਫਰੰਟ ਲਾਈਨ ਤੋਂ ਬਹੁਤ ਦੂਰ ਹੈ।
ਪੋਲੈਂਡ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਪੋਲੈਂਡ ਅਤੇ ਸਹਿਯੋਗੀ ਦੇਸ਼ਾਂ ਨੇ ਆਪਣੇ (ਪੋਲੈਂਡ ਦੇ) ਹਵਾਈ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਹਾਜ਼ ਭੇਜੇ ਹਨ। ਖੇਰਸਨ ਦੇ ਖੇਤਰੀ ਗਵਰਨਰ ਓਲੇਕਸੈਂਡਰ ਪ੍ਰੋਕੁਡਿਨ ਨੇ ਕਿਹਾ ਕਿ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਚੇਰਕਾਸੀ ਦੇ ਗਵਰਨਰ ਇਹੋਰ ਟੈਬੂਰੇਟਸ ਅਨੁਸਾਰ ਚੇਰਕਾਸੀ ਵਿੱਚ ਇੱਕ ਬੱਚੇ ਸਮੇਤ ਛੇ ਲੋਕ ਜ਼ਖਮੀ ਹੋਏ ਹਨ। ਤਾਜ਼ਾ ਹਮਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ੁੱਕਰਵਾਰ ਨੂੰ ਕਹਿਣ ਤੋਂ ਬਾਅਦ ਹੋਏ ਹਨ ਕਿ ਮਾਸਕੋ ਇਸਤਾਂਬੁਲ ਵਿੱਚ ਸ਼ਾਂਤੀ ਵਾਰਤਾ ਦੇ ਇੱਕ ਨਵੇਂ ਦੌਰ ਲਈ ਤਿਆਰ ਹੈ।