ਸੁਲਤਾਨਪੁਰ ਲੋਧੀ – ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼-ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਸਾਲ 2026 ਨੂੰ ਕੁਦਰਤੀ ਸਰੋਤਾਂ, ਖ਼ਾਸ ਕਰਕੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਸਮਰਪਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗੌਰਵਸ਼ਾਲੀ ਇਤਿਹਾਸ ‘ਪੰਜ ਆਬ’-ਪੰਜ ਦਰਿਆਵਾਂ ਦੀ ਧਰਤੀ-ਨਾਲ ਜੁੜਿਆ ਹੋਇਆ ਹੈ ਅਤੇ ਇਹ ਨਦੀਆਂ ਸਾਡੀ ਸਭਿਆਚਾਰ, ਪਹਿਚਾਣ ਅਤੇ ਵਿਰਾਸਤ ਦਾ ਅਟੁੱਟ ਅੰਗ ਹਨ।
ਸੰਤ ਸੀਚੇਵਾਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ 2026 ਨੂੰ ਆਪਣੀਆਂ ਨਦੀਆਂ ਅਤੇ ਜਲ ਸਰੋਤਾਂ ਦੀ ਮੁੜ ਸੁਰਜੀਤ ਅਤੇ ਰੱਖਿਆ ਦਾ ਸਾਲ ਬਣਾਇਆ ਜਾਵੇ। ਉਨ੍ਹਾਂ ਨੇ ਖਾਸ ਤੌਰ ’ਤੇ ਬੁੱਢੇ ਦਰਿਆ ਦੀ ਗੰਭੀਰ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਗੁਆਂਢੀ ਸੂਬੇ ਰਾਜਸਥਾਨ ਲਈ ਵੀ ਚਿੰਤਾ ਦਾ ਕਾਰਨ ਬਣ ਚੁੱਕਾ ਹੈ। ਉਨ੍ਹਾਂ ਜ਼ੋਰ ਦਿੰਦੇ ਕਿਹਾ ਕਿ ਨਦੀਆਂ ਵਿਚ ਵਧ ਰਹੇ ਪ੍ਰਦੂਸ਼ਣ ਅਤੇ ਗੰਦਗੀ ਕਾਰਨ ਸਿਰਫ਼ ਵਾਤਾਵਰਣ ਸੰਕਟ ਹੀ ਨਹੀਂ, ਸਗੋਂ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਜੀਵਨ ਲਈ ਵੀ ਖਤਰਾ ਪੈਦਾ ਹੋ ਰਿਹਾ ਹੈ।

