ਅੰਮ੍ਰਿਤਸਰ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਤੇ ਅਦਾਕਾਰਾ ਯਾਮੀ ਗੌਤਮ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਦੌਰਾਨ ਸੰਜੇ ਦੱਤ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਅਤੇ ਅੰਮ੍ਰਿਤਸਰ ਦੇ ਖਾਣੇ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਮੈਨੂੰ ਪੰਜਾਬ ਨਾਲ ਬਹੁਤ ਪਿਆਰ ਹੈ। ਮੈਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ। ਮੈਂ ਪੰਜਾਬ ‘ਚ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰਨ ਆਇਆ ਹਾਂ।
ਦੱਸ ਦਈਏ ਕਿ ਅੰਮ੍ਰਿਤਸਰ ‘ਚ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸੇ ਕਾਰਨ ਫ਼ਿਲਮੀ ਹਸਤੀਆਂ ਦਾ ਅੰਮ੍ਰਿਤਸਰ ‘ਚ ਆਉਣਾ ਜਾਣਾ ਲੱਗਾ ਰਹੇਗਾ। ਬੀਤੇ ਦਿਨੀਂ ਸੰਜੇ ਦੱਤ ਨੇ ਅੰਮ੍ਰਿਤਸਰ ਪਹੁੰਚ ਕੇ ਚਾਹ ਵਾਲੀ ਦੁਕਾਨ ‘ਤੇ ਚਾਹ ਪੀਤੀ ਅਤੇ ਪਕੌੜਿਆ ਦਾ ਆਨੰਦ ਵੀ ਲਿਆ। ਹਾਲਾਂਕਿ ਸੰਜੇ ਦੱਤ ਆਪਣੀ ਗੱਡੀ ‘ਚ ਹੀ ਸੀ ਬਾਹਰ ਪ੍ਰਸ਼ੰਸਕਾਂ ਦੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਜਦੋਂ ਪ੍ਰਸ਼ੰਸਕਾਂ ਨੇ ਸੰਜੇ ਦੱਤ ਨੂੰ ਕਿਸੇ ਦੁਕਾਨ ਦੇ ਬਾਹਰ ਦੇਖਿਆ ਤਾਂ ਪ੍ਰਸ਼ੰਸਕ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਉਣ ਲਈ ਪਹੁੰਚ ਗਏ ਹਰ ਕੋਈ ਸੰਜੇ ਦੱਤ ਨੂੰ ਵੇਖਣ ਲਈ ਉਤਾਵਲਾ ਹੋ ਰਿਹਾ ਸੀ।