ਪਾਇਲ : ਰਾੜਾ ਸਾਹਿਬ ਦੇ ਸੰਪਰਦਾਇਕ ਮੁਖੀ ਸੰਤ ਬਲਜਿੰਦਰ ਸਿੰਘ ਜੀ ਅੱਜ ਤੜਕੇ ਅਕਾਲ ਚਲਾਣਾ ਕਰ ਗਏ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨਲੇਵਾ ਸਾਬਤ ਹੋਇਆ। ਬੀਤੀ ਰਾਤ 12 ਵਜੇ ਉਹ ਮਰਹੂਮ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਦੀ ਸਲਾਨਾ ਬਰਸੀ ਸਬੰਧੀ ਹੋ ਰਹੇ ਸਮਾਗਮ ‘ਚ ਕੀਰਤਨ ਕਰਕੇ ਆਪਣੇ ਕਮਰੇ ‘ਚ ਆਰਾਮ ਕਰਨ ਗਏ ਸਨ ਪਰ ਸਵੇਰੇ ਉੱਠੇ ਨਹੀਂ। ਇਸ ਤੋਂ ਬਾਅਦ ਇਹ ਦੁਖਦਾਈ ਖ਼ਬਰ ਸਾਹਮਣੇ ਆਈ।
ਸੰਤ ਬਲਜਿੰਦਰ ਸਿੰਘ ਦੇ ਅਕਾਲ ਚਲਾਣੇ ਨਾਲ ਸੰਪਰਦਾਏ ਅਤੇ ਸੰਗਤ ਵਿਚ ਸੋਗ ਦੀ ਲਹਿਰ ਦੌੜ ਗਈ। ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਪਹੁੰਚੇ ਅਤੇ ਸੋਗ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਰਾੜਾ ਸਾਹਿਬ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਬਰਸੀ ਸਮਾਗਮ ਚੱਲ ਰਹੇ ਸਨ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀ ਸਮਾਗਮ ਵਿੱਚ ਸ਼ਾਮਲ ਹੋਣ ਆਉਣਾ ਸੀ।
ਰਾਤ ਹੀ ਉਨ੍ਹਾਂ ਦੀ ਬਾਬਾ ਬਲਜਿੰਦਰ ਸਿੰਘ ਜੀ ਨਾਲ ਗੱਲਬਾਤ ਹੋਈ ਸੀ ਪਰ ਸਵੇਰ ਨੂੰ ਇਹ ਮੰਦਭਾਗੀ ਖ਼ਬਰ ਮਿਲੀ, ਜਿਸਦਾ ਯਕੀਨ ਨਹੀਂ ਹੁੰਦਾ। ਗਿਆਸਪੁਰਾ ਨੇ ਕਿਹਾ ਕਿ ਸੰਤ ਬਲਜਿੰਦਰ ਸਿੰਘ ਇੱਕ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਇਆ। ਇਹ ਘਾਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।