ਜਲੰਧਰ ਇਕ ਪਾਸੇ ਜਿੱਥੇ ਕਈ ਪਿੰਡਾਂ ‘ਚ ਸਰਬਸੰਮਤੀ ਨਾਲ ਪੰਚਾਇਤਾਂ ਚੁਣ ਲਈਆਂ ਗਈਆਂ ਹਨ, ਉੱਥੇ ਹੀ ਬਾਕੀ ਪਿੰਡਾਂ ‘ਚ ਪੰਚਾਇਤ ਚੁਣਨ ਲਈ ਪੋਲਿੰਗ ਕਰਵਾਈ ਗਈ। ਇਸੇ ਦੌਰਾਨ ਗਿਣਤੀ ਤੋਂ ਬਾਅਦ ਕਾਫ਼ੀ ਪਿੰਡਾਂ ‘ਚ ਉਮੀਦਵਾਰਾਂ ਨੇ ਇਕਤਰਫ਼ਾ ਜਿੱਤ ਹਾਸਲ ਕੀਤੀ, ਤਾਂ ਕਈ ਪਿੰਡਾਂ ‘ਚ ਕਾਫ਼ੀ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ।
ਪਰ ਇਸ ਦੌਰਾਨ ਜਲੰਧਰ ਜ਼ਿਲ੍ਹੇ ਦੇ ਪਿੰਡ ਅੱਟਾ ਤੋਂ ਇਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਪੰਚੀ ਦੀਆਂ ਉਮੀਦਵਾਰ ਦੋਵੇਂ ਬੀਬੀਆਂ ਨੂੰ ਪਿੰਡ ਵਾਲਿਆਂ ਨੇ ਬਰਾਬਰ ਸਮਰਥਨ ਦਿੱਤਾ ਤੇ ਦੋਵਾਂ ਨੂੰ ਇਕ ਬਰਾਬਰ ਵੋਟਾਂ ਪਾਈਆਂ। ਇਨ੍ਹਾਂ ਚੋਣਾਂ ਦੌਰਾਨ ਸਰਪੰਚ ਉਮੀਦਵਾਰ ਸੋਨੀਆ ਦਾਦਰਾ ਤੇ ਚਰਨਜੀਤ ਕੌਰ ਨੇ 558-558 ਵੋਟਾਂ ਹਾਸਲ ਕੀਤੀਆਂ, ਜਿਸ ਕਾਰਨ ਦੋਵਾਂ ਵਿਚਾਲੇ ਮੁਕਾਬਲਾ ਟਾਈ ਹੋ ਗਿਆ।
ਇਹ ਬਹੁਤ ਹੀ ਰੋਮਾਂਚਕ ਸਥਿਤੀ ਬਣ ਗਈ ਕਿ ਦੋਵਾਂ ਉਮੀਦਵਾਰਾਂ ਨੂੰ ਜੇਕਰ ਬਰਾਬਰ ਵੋਟਾਂ ਮਿਲੀਆਂ ਹਨ ਤਾਂ ਆਖ਼ਰ ਸਰਪੰਚ ਕਿਵੇਂ ਤੇ ਕਿਸ ਨੂੰ ਚੁਣਿਆ ਜਾਵੇ ? ਇਸ ਮਗਰੋਂ ਪਰਚੀ ਪਾ ਕੇ ਜੇਤੂ ਚੁਣੇ ਜਾਣ ‘ਤੇ ਸਹਿਮਤੀ ਬਣੀ। ਇਸ ਤੋਂ ਬਾਅਦ ਜਦੋਂ ਪਰਚੀ ਪਾਈ ਗਈ ਤਾਂ ਸੋਨੀਆ ਦਾਦਰਾ ਦਾ ਨਾਂ ਆਇਆ। ਇਸ ਪਿੱਛੋਂ ਉਨ੍ਹਾਂ ਨੂੰ ਪਿੰਡ ਦਾ ਸਰਪੰਚ ਐਲਾਨ ਦਿੱਤਾ ਗਿਆ ਹੈ।