Sunday, July 20, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਸੌਂਦ ਵੱਲੋਂ ਖੰਨਾ ਹਲਕੇ ਦੇ ਪੰਜ ਸਰਕਾਰੀ ਸਕੂਲਾਂ ਵਿੱਚ 71.15 ਲੱਖ ਰੁਪਏ...

ਸੌਂਦ ਵੱਲੋਂ ਖੰਨਾ ਹਲਕੇ ਦੇ ਪੰਜ ਸਰਕਾਰੀ ਸਕੂਲਾਂ ਵਿੱਚ 71.15 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

 

ਚੰਡੀਗੜ੍ਹ/ਖੰਨਾ, 17 ਅਪ੍ਰੈਲ :

ਪੰਜਾਬ ਵਿੱਚ ਹੁਣ ਆਮ ਘਰਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਸ਼ੂਟਿੰਗ ਖੇਡ ਵਿੱਚ ਨਾਮਣਾ ਖੱਟ ਸਕਣਗੇ। “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਨਿਵੇਕਲੀ ਪਹਿਲ ਕਰਦਿਆਂ ਕੈਬਨਿਟ ਮੰਤਰੀ ਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਖੰਨਾ ਵਿਖੇ ਸਰਕਾਰੀ ਸਕੂਲ ਅੰਦਰ ਬਣੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਹੈ। ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ ਬਣਾਈ ਗਈ ਇਹ ਸ਼ੂਟਿੰਗ ਰੇਂਜ ਲੁਧਿਆਣਾ ਜ਼ਿਲ੍ਹੇ ਦੇ ਕਿਸੇ ਸਰਕਾਰੀ ਸਕੂਲ ਅੰਦਰ ਬਣੀ ਪਹਿਲੀ ਸ਼ੂਟਿੰਗ ਰੇਂਜ ਹੈ। ਪੰਜ ਟਾਰਗੇਟ ਦੀ ਇਸ ਸ਼ੂਟਿੰਗ ਰੇਂਜ ‘ਤੇ 5 ਲੱਖ ਰੁਪਏ ਦਾ ਖਰਚਾ ਆਇਆ ਹੈ। ਸ਼ੂਟਿੰਗ ਰੇਂਜ ਸਮੇਤ ਕੁੱਲ 71.15 ਲੱਖ ਰੁਪਏ ਨਾਲ ਹਲਕੇ ਦੇ ਪੰਜ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸ਼ੂਟਿੰਗ ਖੇਡ ਵਿੱਚ ਪੰਜਾਬ ਦੇ ਖਿਡਾਰੀ ਕੌਮਾਂਤਰੀ ਪੱਧਰ ਤੱਕ ਨਾਮਣਾ ਖੱਟ ਰਹੇ ਹਨ। ਹੁਣ ਇਸ ਖੇਡ ਦੀ ਸਕੂਲ ਪੱਧਰ ਤੋਂ ਸਿਖਲਾਈ ਸ਼ੁਰੂ ਕਰਵਾ ਕੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖਿਡਾਰੀ ਹੋਰ ਮੈਡਲ ਜਿੱਤ ਸਕਣ ਦੇ ਸਮਰੱਥ ਹੋ ਸਕਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਿਸ਼ਾ ਤੇ ਦਸ਼ਾ ਸੁਧਾਰਣ ਵਿੱਚ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਹਲਕੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਸਮੇਤ ਸਕੂਲਾਂ ਦੀ ਨੁਹਾਰ ਬਦਲਣ ਸਬੰਧੀ ਉਦਘਾਟਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦਾ ਸਿਲਸਿਲਾ ਜਾਰੀ ਰਹੇਗਾ।

ਕੈਬਨਿਟ ਮੰਤਰੀ ਨੇ ਜਿਹੜੇ ਪੰਜ ਸਕੂਲਾਂ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਵਿੱਚ ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਰੂਮ, 19.10 ਲੱਖ ਰੁਪਏ ਦੀ ਲਾਗਤ ਨਾਲ ਦੋ ਕਲਾਸ ਰੂਮ ਅਤੇ 2.28 ਲੱਖ ਰੁਪਏ ਬੱਚਿਆਂ ਦੇ ਵਿੱਦਿਅਕ ਟੂਰ ਲਈ ਦਿੱਤੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 5 ਵਿੱਚ 1.60 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕੀਤੇ ਗਏ ਹੈ।

ਇਸੇ ਤਰ੍ਹਾਂ ਖੰਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 6 ਵਿਚ 7.51 ਲੱਖ ਰੁਪਏ ਦੀ ਲਾਗਤ ਨਾਲ ਕਮਰਾ ਅਤੇ 2 ਲੱਖ ਰੁਪਏ ਦੀ ਲਾਗਤ ਨਾਲ ਬਾਥਰੂਮ ਤਿਆਰ ਕਰਵਾਏ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 8 ਵਿਚ 6.26 ਲੱਖ ਰੁਪਏ ਦੀ ਲਾਗਤ ਨਾਲ ਕਮਰੇ ਦੀ ਮੁਰੰਮਤ, 3.44 ਲੱਖ ਰੁਪਏ ਦੀ ਲਾਗਤ ਕਲਾਸ ਰੂਮ ਦੀ ਮੁਰੰਮਤ,  5.94 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਹੋਰ ਮੁਰੰਮਤ ਕਾਰਜ ਅਤੇ 3 ਲੱਖ ਰੁਪਏ ਨਾਲ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਰਿਪੇਅਰ ਕਰਵਾਈਆ ਗਈਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 9 ਵਿਚ 15.02 ਲੱਖ ਰੁਪਏ ਦੀ ਲਾਗਤ ਨਾਲ ਦੋ ਕਮਰੇ ਤਿਆਰ ਕਰਵਾਏ ਗਏ ਹਨ।

ਸੌਂਦ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ ਉੱਤੇ ਪੂਰਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਨਾ ਸਿਰਫ ਪੜ੍ਹਾਈ ਵਿੱਚ ਹੀ ਬਲਕਿ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਵੀ ਵੱਡੀਆਂ ਮੱਲਾਂ ਮਾਰ ਸਕਣ।

ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਇਸ ਗੱਲ ‘ਤੇ ਮਾਣ ਮਹਿਸੂਸ ਕਰਨ ਕਿ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ ਕਿਉਂ ਕਿ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੀ ਹੈ ਉਹ ਬਹੁਤ ਸਾਰੇ ਨਿੱਜੀ ਸਕੂਲਾਂ ਨਾਲੋਂ ਵੀ ਬਿਹਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਦਾ ਗ੍ਰਾਫ ਬਹੁਤ ਉੱਚਾ ਚੁੱਕਿਆ ਗਿਆ ਹੈ ਅਤੇ ਇਸ ਸਬੰਧੀ ਯਤਨ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹਿਣਗੇ।