ਨਕੋਦਰ–ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਤੇ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ-ਵੱਖ ਸਕੀਮਾਂ ਤਹਿਤ ਉਨ੍ਹਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ ਪਰ ਏ ਕਲਾਸ ਨਗਰ ਕੌਂਸਲ ਨਕੋਦਰ ਵਿਚ ਇਸ ਦੇ ਸਬੰਧ ਵਿਚ ਇਕ ਘਪਲਾ ਹੋਇਆ, ਜਿੱਥੇ ਇਕ ਕਲਰਕ ਨਵੀ ਨਾਹਰ ਨੂੰ ਇਸ ਯੋਜਨਾ ਦੇ ਕੇਸਾਂ ’ਚ ਹੇਰ-ਫੇਰ ਕਰਨ ’ਤੇ ਕਾਰਜ ਸਾਧਕ ਅਫ਼ਸਰ ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ, ਜਿਸ ਦੀ ਪੁਸ਼ਟੀ ਕਾਰਜ ਸਾਧਕ ਅਫਸਰ ਨਕੋਦਰ ਰਣਧੀਰ ਸਿੰਘ ਨੇ ਕੀਤੀ।
ਇਸ ਮਾਮਲੇ ’ਚ ਘਪਲਾ ਕਿੰਨਾ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਲਰਕ ਨਵੀ ਨਾਹਰ, ਜੋ ਨਕੋਦਰ ਨਗਰ ਕੌਂਸਲ ਦਫਤਰ ਵਿਖੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਕੇਸਾਂ ਦਾ ਕੰਮ ਦੇਖਦਾ ਸੀ, ਉਕਤ ਸਕੀਮ ਅਧੀਨ ਸਰਕਾਰ ਵੱਲੋਂ ਪ੍ਰਾਪਤ ਹੋਈ ਗ੍ਰਾਂਟ ਦੀ ਰਾਸ਼ੀ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰਨ ਦਾ ਕੰਮ ਵੀ ਉਸ ਵੱਲੋਂ ਹੀ ਕੀਤਾ ਜਾਂਦਾ ਸੀ। ਇਸ ਦਫਤਰ ਦੇ ਧਿਆਨ ਵਿਚ ਆਇਆ ਕਿ ਕੁਝ ਕੇਸਾਂ ਵਿਚ ਲਾਭਪਾਤਰੀਆਂ ਦੇ ਬਣਦੇ ਹਿੱਸੇ ਦੀ ਰਾਸ਼ੀ ਉਨ੍ਹਾਂ ਦੇ ਖਾਤੇ ਵਿਚ ਟਰਾਂਸਫਰ ਕਰਨ ਸਮੇਂ ਇਸ ਕਰਮਚਾਰੀ ਵੱਲੋਂ ਹੇਰ-ਫੇਰ ਕਰ ਕੇ ਅਣਗਹਿਲੀ ਵਰਤੀ ਗਈ ਹੈ।