ਲੁਧਿਆਣਾ : ਸੂਬੇ ਵਿਚ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਛੁੱਟੀਆਂ 7 ਜਨਵਰੀ ਤਕ ਵਧਾ ਦਿੱਤੀਆਂ ਗਈਆਂ ਹਨ। ਪਰ ਇਸ ਦੇ ਬਾਵਜੂਦ ਲੁਧਿਆਣਾ ਦਾ ਇਕ ਸਕੂਲ ਹੁਕਮਾਂ ਨੂੰ ਛਿੱਕੇ ਟੰਗ ਕੇ ਖੋਲ੍ਹਿਆ ਗਿਆ ਸੀ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਮ ਵਾਂਗ ਹੀ ਸਕੂਲ ਬੁਲਾਇਆ ਗਿਆ ਸੀ। ਸਕੂਲ ਵਿਚ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਸਨ।ਇਸ ਦੀ ਸੂਚਨਾ ਕਿਸੇ ਨੇ ਸਿੱਖਿਆ ਵਿਭਾਗ ਨੂੰ ਦੇ ਦਿੱਤੀ, ਜਿਸ ‘ਤੇ ਫ਼ੌਰੀ ਕਾਰਵਾਈ ਕਰਦਿਆਂ ਜ਼ਿਲ੍ਹਿਆ ਸਿੱਖਿਆ ਅਧਿਕਾਰੀ ਰਵਿੰਦਰ ਕੌਰ ਨੇ BPEO ਲੁਧਿਆਣਾ 2 ਪਰਮਜੀਤ ਸਿੰਘ ਦੀ ਪ੍ਰਧਾਗਨਟੀ ਹੇਠ ਚੈਕਿੰਗ ਟੀਮ ਨੂੰ ਸਕੂਲ ਦੀ ਚੈਕਿੰਗ ਲਈ ਭੇਜਿਆ।
ਟੀਮ ਮੁਤਾਬਕ ਜਦੋਂ ਉਹ ਚੈਕਿੰਗ ਲਈ ਸਕੂਲ ਪਹੁੰਚੇ ਤਾਂ ਕੁਝ ਕਲਾਸਾਂ ਵਿਚ ਵਿਦਿਆਰਥੀ ਆਮ ਵਾਂਗ ਪੜ੍ਹਾਈ ਕਰ ਰਹੇ ਸਨ ਤੇ ਅਧਿਆਪਕ ਵੀ ਕਲਾਸ ਵਿਚ ਮੌਜੂਦ ਸਨ। ਟੀਮ ਨੇ ਸਕੂਲ ਪ੍ਰਿੰਸੀਪਲ ਨੂੰ ਸਰਕਾਰ ਦੇ ਹੁਕਮਾਂ ਦੇ ਖ਼ਿਲਾਫ਼ ਜਾ ਕੇ ਸਕੂਲ ਖੋਲ੍ਹਣ ਦੀ ਵਜ੍ਹਾ ਪੁੱਛੀ ਤੇ ਲਿਖਤੀ ਸਪਸ਼ਟੀਕਰਨ ਲੈ ਕੇ ਬੱਚਿਆਂ ਤੇ ਅਧਿਆਪਕਾਂ ਨੂੰ ਛੁੱਟੀ ਕਰਵਾ ਦਿੱਤੀ ਗਈ।
ਸਕੂਲ ਪ੍ਰਿੰਸੀਪਲ ਮੁਤਾਬਕ ਸਿਰਫ਼ ਬੋਰਡ ਕਲਾਸਾਂ ਦੇ ਵਿਦਿਆਰਥੀ ਦੀ ਬੁਲਾਏ ਗਏ ਸਨ। ਪਰ ਟੀਮ ਨੇ ਵਿਭਾਗੀ ਹੁਕਮਾਂ ਨੂੰ ਅਮਲ ਵਿਚ ਲਿਆਉਂਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਛੁੱਟੀ ਕਰਵਾ ਕੇ ਸਕੂਲ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ
ਅਤੇ ਰਿਪੋਰਟ ਭੇਜ ਦਿੱਤੀ ਹੈ। DEO ਰਵਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਦੇ ਖ਼ਿਲਾਫ਼ ਜਾ ਕੇ ਸਕੂਲ ਖੋਲ੍ਹਣ ਵਾਲਿਆਂ ‘ਤੇ ਵਿਭਾਗੀ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਜਾਵੇਗੀ।