ਨੈਸ਼ਨਲ – ਮਣੀਪੁਰ ਵਿਚ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਲੰਬੇ ਸਮੇਂ ਤੋਂ ਹਿੰਸਾ ਅਤੇ ਵਿਵਾਦ ਝੱਲ ਰਹੇ ਮਣੀਪੁਰ ਵਿਚ ਹਾਲਾਤ ਆਮ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਮਣੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ‘ਚ ਫਿਰ ਤੋਂ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਸਕੂਲ, ਬਾਜ਼ਾਰ ਅਤੇ ਹੋਰ ਜਨਤਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਚੂਰਾਚਾਂਦਪੁਰ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਦੋ ਵੱਖ-ਵੱਖ ਜਨਜਾਤੀਆਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਹਿੰਸਾ ਵਿਚ ਦੋਵੇਂ ਸਮੂਹ ਫਿਰ ਤੋਂ ਭਿੜ ਗਏ ਹਨ। ਇਸ ਕਾਰਨ ਕਈ ਇਲਾਕਿਆਂ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਦਰਅਸਲ ਦੋ ਜਨਜਾਤੀ ਵਿਚਾਲੇ ਹੋਈ ਹਿੰਸਕ ਝੜਪ ਅਤੇ ਇਕ ਵਿਅਕਤੀ ਦੀ ਮੌਤ ਮਗਰੋਂ ਪ੍ਰਸ਼ਾਸਨ ਅਲਰਟ ‘ਤੇ ਹੈ।
ਚੂਰਾਚਾਂਦਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਧਰੂਣ ਕੁਮਾਰ ਨੇ ਕਰਫਿਊ ਦੇ ਹੁਕਮ ਜਾਰੀ ਕੀਤੇ ਹਨ, ਜੋ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤੇ ਗਏ ਹਨ। ਹੁਕਮ ਮੁਤਾਬਕ ਕਾਂਗਵਈ, ਸਮੁਲਾਮਕਾਨ ਅਤੇ ਸੰਗਾਈਕੋਟ ਸਬ-ਡਵੀਜ਼ਨ ਸਮੇਤ ਦੋ ਪਿੰਡਾਂ ਵਿਚ ਪੂਰੀ ਤਰ੍ਹਾਂ ਆਵਾਜਾਈ ਅਤੇ ਗਤੀਵਿਧੀਆਂ ‘ਤੇ ਪਾਬੰਦੀ ਰਹੇਗੀ। ਉੱਥੇ ਹੀ ਬਾਕੀ ਖੇਤਰਾਂ ਵਿਚ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਸੇਵਾਵਾਂ ਲਈ ਕੁਝ ਢਿੱਲ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਪੂਰਨ ਕਰਫਿਊ ਲਾਗੂ ਰਹੇਗਾ। ਇਹ ਵਿਵਸਥਾ 17 ਅਪ੍ਰੈਲ ਤੱਕ ਲਾਗੂ ਰਹੇਗੀ। ਸੁਰੱਖਿਆ ਫੋਰਸ ਦੇ ਜਵਾਨ ਮੌਜੂਦਾ ਸਥਿਤੀ ‘ਤੇ ਨਜ਼ਰ ਰੱਖਦੇ ਰਹਿਣਗੇ।