ਭੋਗਪੁਰ : ਜਲੰਧਰ-ਜੰਮੂ ਨੈਸ਼ਨਲ ਹਾਈਵੇ ‘ਤੇ ਸੋਮਵਾਰ ਸਵੇਰੇ ਪਿੰਡ ਜਲੋਵਾਲ ਨੇੜੇ ਇਕ ਟੂਰਿੱਸਟ ਬੱਸ ਦੀ ਇੱਟਾਂ ਦੀ ਭਰੀ ਟਰਾਲੀ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਬੱਸ ਚਾਲਕ ਅਤੇ ਇਕ ਸਵਾਰੀ ਸਣੇ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬੱਸ ‘ਚ ਸਵਾਰ 11 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਇਹ ਬੱਸ ਜਲੰਧਰ ਵੱਲੋਂ ਆ ਰਹੀ ਸੀ। ਜਦੋਂ ਬੱਸ ਕਾਲਾ ਬੱਕਰਾ ਤੋਂ ਅੱਗੇ ਪੁੱਜੀ ਤਾਂ ਨੈਸ਼ਨਲ ਹਾਈਵੇ ‘ਤੇ ਇੱਕ ਇੱਟਾਂ ਨਾਲ ਭਰੀ ਟਰਾਲੀ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਸ ਦੀ ਟੱਕਰ ਨਾਲ ਇੱਟਾ ਦੀ ਭਰੀ ਟਰਾਲੀ ਸੜਕ ‘ਤੇ ਪਲਟ ਗਈ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਗੱਡੀ ਇੰਚਾਰਜ ਰਣਧੀਰ ਸਿੰਘ ਆਪਣੀ ਟੀਮ ਨਾਲ ਹਾਦਸੇ ਵਾਲੀ ਥਾਂ ‘ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਜ਼ਖਮੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲਾਂ ‘ਚ ਲਿਜਾਇਆ ਗਿਆ।