ਈ.ਟੀ.ਆਈਜ਼ ਦੇ ਦਾਖਲਿਆਂ ਵਿੱਚ 25 ਫੀਸਦ ਦੇ ਬੇਮਿਸਾਲ ਵਾਧੇ ਨਾਲ ਪੰਜਾਬ ਵਿੱਚ ਕਿੱਤਾਮੁਖੀ ਸਿਖਲਾਈ ਨੂੰ ਮਹੱਤਵਪੂਰਨ ਹੁਲਾਰਾ ਮਿਲਿਆ ਹੈ। ਦਰਅਸਲ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੌਜੂਦਾ ਵਿਦਿਅਕ ਵਰ੍ਹੇ ਦੌਰਾਨ ਸੂਬੇ ਭਰ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਦਾਖਲਿਆਂ ’ਚ 25 ਫੀਸਦ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ ਅਤੇ ਦਾਖ਼ਲਿਆਂ ਦੀ ਗਿਣਤੀ ਪਿਛਲੇ ਸਾਲ ਦੇ 28,000 ਤੋਂ ਵੱਧ ਕੇ ਹੁਣ 35,000 ਤੱਕ ਪਹੁੰਚ ਗਈ ਹੈ।
ਨਾਲ ਹੀ ਮਾਨ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇਣ ਲਈ ਕੰਮ ਕਰ ਰਹੀ ਤਾਂ ਜੋ ਬੇਰੁਜ਼ਗਾਰੀ ਅਤੇ ਪ੍ਰਵਾਸ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਇਸ ਲਈ ਅਸੀਂ ਚਾਲੂ ਵਿੱਦਿਅਕ ਸੈਸ਼ਨ ਦੌਰਾਨ ਆਈਟੀਆਈਜ਼ ਸੀਟਾਂ ’ਚ ਵਾਧਾ ਕੀਤਾ ਗਿਆ ਹੈ ਤੇ ਅਗਲੇ ਵਿੱਦਿਅਕ ਸੈਸ਼ਨ ਦੌਰਾਨ ਸੀਟਾਂ ਦੀ ਗਿਣਤੀ ਨੂੰ ਵਧਾ ਕੇ 50,000 ਕੀਤਾ ਜਾਵੇਗਾ। ਆਈ.ਟੀ.ਆਈ. ਦੇ ਦਾਖ਼ਲਿਆਂ ਵਿੱਚ ਇਹ ਸ਼ਾਨਦਾਰ ਵਾਧਾ ਸਾਡੇ ਨੌਜਵਾਨਾਂ ਵਿੱਚ ਹੁਨਰ ਅਧਾਰਤ ਸਿੱਖਿਆ ਦੀ ਵੱਧ ਰਹੀ ਮਾਨਤਾ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਆਈ.ਟੀ.ਆਈ. ਗ੍ਰੈਜੂਏਟਾਂ ਲਈ ਵੱਧ ਤੋਂ ਵੱਧ ਪਲੇਸਮੈਂਟ (ਰੋਜ਼ਗਾਰ ਦੇ ਮੌਕੇ) ਨੂੰ ਯਕੀਨੀ ਬਣਾਉਣ ਲਈ ਵੀ ਵਚਨਬੱਧ ਹਾਂ।
ਉਨ੍ਹਾਂ ਦੱਸਿਆ ਕਿ ਵਿਦਿਅਕ ਸੈਸ਼ਨ 2023 ਤੋਂ ਪਹਿਲਾਂ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਆਈ.ਟੀ.ਆਈਜ ਵਿਚ 28000 ਸੀਟਾਂ ਵਿਚੋਂ ਵੀ ਕਾਫੀ ਸੀਟਾਂ ਖ਼ਾਲੀ ਰਹਿ ਜਾਂਦੀਆਂ ਸਨ। ਅਸੀਂ ਪਹਿਲਾਂ ਇਹ ਟੀਚਾ ਮਿੱਥਿਆ ਸੀ ਵਿਦਿਅਕ ਸੈਸ਼ਨ 2023 ਦੌਰਾਨ ਆਈ.ਟੀ.ਆਈਜ਼ ਵਿਚ 100 ਫ਼ੀਸਦੀ ਦਾਖਲਿਆਂ ਨੂੰ ਯਕੀਨੀ ਬਣਾਇਆ ਜਾਵੇ, ਜਿਸ ਲਈ ਕਈ ਉਪਰਾਲੇ ਵੀ ਕੀਤੇ ਗਏ। ਜਿਸ ਦੇ ਨਤੀਜੇ ਵਜੋਂ ਸਾਨੂੰ ਇਸ ਵਿੱਦਿਅਕ ਸੈਸ਼ਨ ਦੌਰਾਨ 7000 ਸੀਟਾਂ ਵਧਾਉਣੀਆਂ ਪਈਆਂ ਹਨ।