ਖੰਨਾ: ਖੰਨਾ ਦੇ ਮਲੌਦ ਦੇ ਪਿੰਡ ਜੀਰਖ ਵਿਚ ਇਕ ਔਰਤ ਦਾ ਉਸ ਦੇ ਪਤੀ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦਾ ਕਾਰਨ ਪਤੀ ਦਾ ਜੂਆ ਖੇਡਣ ਦਾ ਆਦੀ ਹੋਣਾ ਸੀ। ਪਤਨੀ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ। ਇਸੇ ਕਾਰਨ ਪਤੀ ਨੇ ਰੱਸੀ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਪਰਮਜੀਤ ਕੌਰ (38) ਵਾਸੀ ਜੀਰਖ ਵਜੋਂ ਹੋਈ ਹੈ।
ਮ੍ਰਿਤਕਾ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਲਗਭਗ 10 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਜੀਰਖ ਦੇ ਰਹਿਣ ਵਾਲੇ ਲਖਵੀਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਭੈਣ ਨੇ ਦੋ ਧੀਆਂ ਨੂੰ ਜਨਮ ਦਿੱਤਾ। ਇਕ 6 ਸਾਲ ਦੀ ਹੈ ਅਤੇ ਛੋਟੀ ਡੇਢ ਸਾਲ ਦੀ ਹੈ। ਲਖਵੀਰ ਸਿੰਘ ਜੂਏ ਦਾ ਆਦੀ ਸੀ। ਉਹ ਹਰ ਰੋਜ਼ ਜੂਏ ਵਿਚ ਪੈਸੇ ਹਾਰਦਾ ਸੀ। ਕਈ ਵਾਰ ਉਸ ਦੀ ਭੈਣ ਉਸ ਤੋਂ ਪੈਸੇ ਲੈ ਕੇ ਆਪਣੇ ਪਤੀ ਨੂੰ ਦੇ ਦਿੰਦੀ ਸੀ, ਕਿਉਂਕਿ ਲਖਵੀਰ ਉਸ ਨੂੰ ਕੁੱਟਦਾ ਸੀ। ਹੁਣ ਤੱਕ ਲਖਵੀਰ ਸਿੰਘ ਜੂਏ ਵਿਚ ਲੱਖਾਂ ਰੁਪਏ ਹਾਰ ਚੁੱਕਾ ਹੈ ਅਤੇ ਆਪਣਾ ਘਰ, ਪਤਨੀ ਦੇ ਗਹਿਣੇ, ਮੋਟਰਸਾਈਕਲ ਵੀ ਗਿਰਵੀ ਰੱਖ ਚੁੱਕਾ ਹੈ। ਪਰਮਜੀਤ ਕੌਰ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ। 2 ਜੂਨ ਨੂੰ ਪਰਮਜੀਤ ਕੌਰ ਤੋਂ ਜੂਆ ਖੇਡਣ ਲਈ ਪੈਸੇ ਮੰਗੇ। ਇਸ ਤੋਂ ਬਾਅਦ ਲਖਵੀਰ ਸਿੰਘ ਨੇ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਪਾਇਲ ਦੇ ਡੀ.ਐੱਸ.ਪੀ. ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਕੁਲਦੀਪ ਸਿੰਘ ਦੀ ਸ਼ਿਕਾਇਤ ‘ਤੇ ਪੁਲਸ ਨੇ ਦੋਸ਼ੀ ਲਖਵੀਰ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਖੰਨਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।