ਨੈਸ਼ਨਲ : ਝਾਰਖੰਡ ਦੇ ਦੇਵਘਰ ਜ਼ਿਲ੍ਹੇ ਦੇ ਮਧੂਪੁਰ ‘ਚ ਸੱਤ ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਐੱਚਡੀਐੱਫਸੀ ਬੈਂਕ ‘ਚ ਹਮਲਾ ਬੋਲਿਆ, ਕਰੋੜਾਂ ਰੁਪਏ ਦੀ ਲੁੱਟ ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਬੈਂਕ ਗਾਰਡਾਂ, ਕਰਮਚਾਰੀਆਂ ਅਤੇ ਗਾਹਕਾਂ ਨੂੰ ਬੰਧਕ ਬਣਾ ਲਿਆ ਤੇ ਵਿਰੋਧ ਕਰਨ ਵਾਲਿਆਂ ‘ਤੇ ਹਮਲਾ ਕੀਤਾ।
ਪੁਲਸ ਸੂਤਰਾਂ ਅਨੁਸਾਰ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਲਗਭਗ 2 ਤੋਂ 2.5 ਕਰੋੜ ਰੁਪਏ ਦੀ ਨਕਦੀ ਅਤੇ ਗਹਿਣਿਆਂ ਦੀ ਲੁੱਟ ਦਾ ਸੰਕੇਤ ਹੈ। ਇਹ ਘਟਨਾ ਬੀਤੇ ਦਿਨ ਵਾਪਰੀ। ਜਿਵੇਂ ਹੀ ਸੱਤ ਲੁਟੇਰੇ ਬੈਂਕ ‘ਚ ਦਾਖਲ ਹੋਏ, ਉਨ੍ਹਾਂ ਨੇ ਬੰਦੂਕ ਦਿਖਾ ਕੇ ਸਾਰਿਆਂ ਨੂੰ ਆਪਣੇ ਬੰਧਕ ਬਣਾ ਲਿਆ। ਅੰਦਰ ਗਾਹਕ ਅਤੇ ਕਰਮਚਾਰੀ ਘਬਰਾ ਗਏ। ਲੁਟੇਰਿਆਂ ਨੇ ਅਲਮਾਰੀਆਂ ਤੇ ਲਾਕਰਾਂ ਤੋਂ ਨਕਦੀ ਅਤੇ ਗਹਿਣੇ ਲੈ ਲਏ, ਸਾਰਿਆਂ ਨੂੰ ਅੰਦਰ ਬੰਦ ਕਰ ਦਿੱਤਾ ਤੇ ਮੌਕੇ ਤੋਂ ਭੱਜ ਗਏ।
ਜਾਣਕਾਰੀ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ, ਬੈਂਕ ਦਾ ਤਾਲਾ ਖੋਲ੍ਹਿਆ ਅਤੇ ਫਸੇ ਹੋਏ ਗਾਹਕਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਦੇਵਘਰ ਦੇ ਪੁਲਸ ਸੁਪਰਡੈਂਟ ਸੌਰਭ ਖੁਦ ਮੌਕੇ ‘ਤੇ ਪਹੁੰਚੇ ਅਤੇ ਬੈਂਕ ਮੈਨੇਜਰ ਅਤੇ ਹੋਰ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਹੈੱਡਕੁਆਰਟਰ ਤੁਰੰਤ ਸਰਗਰਮ ਹੋ ਗਿਆ ਤੇ ਪੂਰੀ ਘਟਨਾ ‘ਤੇ ਨਜ਼ਰ ਰੱਖ ਰਿਹਾ ਹੈ। ਲੁਟੇਰਿਆਂ ਨੂੰ ਫੜਨ ਲਈ ਜ਼ਿਲ੍ਹੇ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

