ਲੁਧਿਆਣਾ : ਲੁਧਿਆਣਾ ਤੋਂ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਹਵਸ ‘ਚ ਅੰਨ੍ਹੇ ਪਿਓ ਨੇ ਆਪਣੀ ਧੀ ਦੀ ਇੱਜ਼ਤ ਨੂੰ ਹੀ ਹੱਥ ਪਾ ਲਿਆ। ਨਾਬਾਲਗ ਧੀ ਨੇ ਮਸਾਂ ਹੀ ਖ਼ੁਦ ਨੂੰ ਉਸ ਦਰਿੰਦੇ ਤੋਂ ਬਚਾਇਆ।
ਪੀੜਤਾ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ। ਉਸ ਦਾ 40 ਸਾਲਾ ਪਿਓ ਪੈਟਰੋਲ ਪੰਪ ‘ਤੇ ਨੌਕਰੀ ਕਰਦਾ ਹੈ ਤੇ ਮਾਂ ਵੀ ਪ੍ਰਾਈਵੇਟ ਨੌਕਰੀ ਕਰਦੀ ਹੈ। ਜਦੋਂ ਪੀੜਤਾ ਘਰ ਵਿਚ ਇਕੱਲੀ ਸੀ ਤਾਂ ਉਸ ਦੇ ਪਿਓ ਨੇ ਧਮਕਾਉਂਦੇ ਹੋਏ ਉਸ ਨੂੰ ਧੱਕਾ ਮਾਰ ਕੇ ਬੈੱਡ ‘ਤੇ ਲਿਟਾ ਦਿੱਤਾ ਤੇ ਫ਼ਿਰ ਛੇੜਾਖਾਨੀਆਂ ਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁੜੀ ਨੇ ਪਿਓ ਨੂੰ ਧੱਕਾ ਮਾਰ ਕੇ ਆਪਣੀ ਜਾਨ ਛੁਡਾਈ ਤੇ ਬਾਹਰ ਆ ਕੇ ਰੌਲ਼ਾ ਪਾਇਆ। ਇਸ ਮਗਰੋਂ ਕੁੜੀ ਨੇ ਮਾਂ ਨੂੰ ਫ਼ੋਨ ਕਰਕੇ ਬੁਲਾਇਆ, ਇੰਨੀ ਦੇਰ ਨੂੰ ਪਿਓ ਫ਼ਰਾਰ ਹੋ ਗਿਆ।
ਜਾਂਚ ਅਧਿਕਾਰੀ ਕਰਨੈਲ ਸਿੰਘ ਦਾ ਕਹਿਣਾ ਹੈ ਕਿ 2019 ਵਿਚ ਵੀ ਇਸ ਬੰਦੇ ਨੇ ਆਪਣੀ ਕੁੜੀ ਦੀ ਇੱਜ਼ਤ ‘ਤੇ ਹੱਥ ਪਾਇਆ ਸੀ। ਉਸ ਵੇਲੇ ਵੀ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਫ਼ਿਲਹਾਲ ਪੁਲਸ ਨੇ ਪੀੜਤ ਕੁੜੀ ਦੀ ਮਾਂ ਦੇ ਬਿਆਨ ‘ਤੇ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹ ਘਟਨਾ ਥਾਣਾ ਡਵੀਜ਼ਨ ਨੰਬਰ 3 ਦੇ ਅਧੀਨ ਪੈਂਦੇ ਇਕ ਇਲਾਕੇ ਦੀ ਹੈ।