ਮੁਕੇਰੀਆਂ – ਮੁਕੇਰੀਆਂ ਪੁਲਸ ਨੇ ਆਪਣੀ ਹੀ ਨਾਬਾਲਗ ਧੀ ਨਾਲ ਸਰੀਰਕ ਸੰਬੰਧ ਬਣਾਉਣ ਵਾਲੇ ਐੱਨ. ਆਰ. ਆਈ. ਪਿਤਾ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮਾਂ ਰੁਪਿੰਦਰ ਕੌਰ ਪਤਨੀ ਸੁਰਜੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਲਗਭਗ 14 ਵਰੇ ਪਹਿਲਾਂ 2012 ਵਿਚ ਜਦੋਂ ਅਮਰੀਕਾ ਗਿਆ ਸੀ ਉਦੋਂ ਉਹ ਗਰਭਵਤੀ ਸੀ। 2013 ਵਿਚ ਉਸ ਦੀ ਬੇਟੀ ਪੈਦਾ ਹੋਈ।
ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਤੰਬਰ 2024 ਵਿੱਚ ਵਾਪਸ ਘਰ ਆਇਆ। ਉਸ ਨੇ ਦੱਸਿਆ ਕਿ ਘਰ ਆਉਣ ਤੋਂ ਬਾਅਦ ਮੇਰਾ ਪਤੀ ਮੇਰੇ ਅਤੇ ਮੇਰੇ ਬੱਚਿਆਂ ਨਾਲ ਝਗੜਾ ਰੱਖਣ ਲੱਗ ਪਿਆ। ਜਿਸ ਤੋਂ ਤੰਗ ਆ ਕੇ ਉਹ ਆਪਣੀ ਪੇਕੇ ਘਰ ਚਲੀ ਗਈ। ਉਸ ਨੇ ਦੱਸਿਆ ਕਿ ਛੁੱਟੀਆਂ ਹੋਣ ਤੋਂ ਬਾਅਦ ਮੇਰੀ ਨਨਾਣ ਮੇਰੇ ਦੋਵੇਂ ਬੱਚਿਆਂ ਨੂੰ ਆਪਣੇ ਕੋਲ ਲੈ ਗਈ, ਜਿੱਥੋਂ 22 ਮਾਰਚ 2025 ਨੂੰ ਮੇਰਾ ਪਤੀ ਸੁਰਜੀਤ ਸਿੰਘ ਮੇਰੀ ਬੇਟੀ ਨੂੰ ਆਪਣੇ ਕੋਲ ਲੈ ਆਇਆ। ਉਸ ਨੇ ਦੱਸਿਆ 3 ਜੂਨ ਨੂੰ ਉਸ ਦੀ ਬੇਟੀ ਦਾ ਫੋਨ ਆਇਆ ਕਿ ਮੈਨੂੰ ਆ ਕੇ ਲੈ ਜਾਓ। ਮੇਰੇ ਪਾਪਾ ਮੈਨੂੰ ਮਾਰਦੇ ਕੁੱਟਦੇ ਹਨ।
ਉਸ ਨੇ ਦੱਸਿਆ ਕਿ ਮੇਰੇ ਕੋਲ ਆਉਣ ‘ਤੇ ਮੇਰੀ ਬੇਟੀ ਬਹੁਤ ਜ਼ਿਆਦਾ ਰੋਣ ਲੱਗ ਪਈ। ਉਸ ਦੇ ਵਾਰ-ਵਾਰ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਜੀਤ ਸਿੰਘ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ ਸੀ। ਜਦੋਂ ਉਸ ਦੇ ਦਾਦਾ-ਦਾਦੀ ਘਰ ਨਹੀਂ ਹੁੰਦੇ ਸਨ ਤਾਂ ਉਸ ਦਾ ਪਿਤਾ ਉਸ ਨਾਲ ਜ਼ਬਰਦਸਤੀ ਡਰਾ ਧਮਕਾ ਕੇ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸੰਬੰਧ ਬਣਾਉਂਦਾ ਸੀ ਅਤੇ ਵਿਰੋਧ ਕਰਨ ‘ਤੇ ਕੁੱਟਮਾਰ ਕਰਦਾ ਸੀ।
ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਵਿਰੁੱਧ 6 ਪੋਸਕੋ ਐਕਟ 2012, 65(2), 64(2), 351(2) ਅਧੀਨ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ 2 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ।