ਮੰਜੀ ਸਾਹਿਬ ਕੋਟਾਂ -ਪੰਜਾਬ ਵਿਚੋਂ ਰਿਸ਼ਤੇ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਪਿਓ ਦਾ ਹੀ ਕਤਲ ਕਰ ਦਿੱਤਾ। ਪੁਲਸ ਚੌਕੀ ਕੋਟ ਤੇ ਥਾਣਾ ਸਦਰ ਖੰਨਾ ਅਧੀਨ ਆਉਂਦੇ ਪਿੰਡ ਜਟਾਣਾ ਵਿਖੇ 70 ਸਾਲਾ ਬਜ਼ੁਰਗ ਦੇ ਕਤਲ ਦਾ ਮਾਮਲਾ ਪੁਲਸ ਨੇ ਸੁਲਝਾ ਲਿਆ ਹੈ। ਉਸ ਦਾ ਕਤਲ ਉਸ ਦੇ ਪੁੱਤਰ ਅਤੇ ਨੂੰਹ ਨੇ ਹੀ ਕੀਤਾ ਹੈ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਐੱਸ. ਐੱਚ. ਓ. ਸੁਖਵਿੰਦਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਬਲਵੀਰ ਸਿੰਘ ਆਪਣੀ ਪਤਨੀ ਮਨਜੀਤ ਕੌਰ, ਲੜਕੇ ਜੁਗਰਾਜ ਸਿੰਘ ਉਰਫ਼ ਰਾਜੂ ਅਤੇ ਨੂੰਹ ਰੇਨੂੰ ਰਾਣੀ ਨਾਲ ਰਹਿੰਦਾ ਸੀ। ਰੇਨੂੰ ਦੀ ਮੰਗ ਸੀ ਕਿ ਉਸ ਦਾ ਸਹੁਰਾ ਬਲਵੀਰ ਸਿੰਘ ਆਪਣਾ ਰਿਹਾਇਸ਼ੀ ਮਕਾਨ, ਜੋ ਪਿੰਡ ਜਟਾਣਾ ਵਿਚ ਹੈ, ਉਸ ਦੇ ਨਾਂ ਕਰਵਾ ਦੇਵੇ। ਜੁਗਰਾਜ ਸਿੰਘ ਸ਼ਰਾਬ ਪੀਣ ਅਤੇ ਨਸ਼ੇ ਕਰਨ ਦਾ ਆਦੀ ਹੈ ਅਤੇ ਕੋਈ ਕੰਮ ਨਹੀਂ ਕਰਦਾ।
ਬਲਵੀਰ ਨੂੰ ਡਰ ਸੀ ਕਿ ਇਹ ਦੋਵੇਂ ਉਸ ਦਾ ਮਕਾਨ ਵੇਚ ਦੇਣਗੇ, ਜਿਸ ਕਰਕੇ ਉਹ ਮਕਾਨ ਆਪਣੀ ਨੂੰਹ ਦੇ ਨਾਂ ਨਹੀਂ ਕਰ ਰਿਹਾ ਸੀ। ਇਸ ਕਾਰਨ ਨੂੰਹ-ਪੁੱਤ ਨੇ ਸੁੱਤੇ ਪਏ ਬਲਵੀਰ ਸਿੰਘ ’ਤੇ ਕੁਹਾੜੀ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।