ਪਟਿਆਲਾ : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਨਾਬਾਲਿਗਾ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਇਕ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਪੀੜਤ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਗਭਗ 5 ਸਾਲ ਪਹਿਲਾਂ ਉਹ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਬਤੌਰ ਗ੍ਰੰਥੀ ਸੇਵਾਦਾਰ ਡਿਊਟੀ ਕਰਦਾ ਸੀ ਅਤੇ ਉਸ ਸਮੇਂ ਸ਼ਿਕਾਇਤਕਰਤਾ ਦੀ ਉਮਰ 15 ਸਾਲ ਸੀ ਅਤੇ ਮੁਲਜ਼ਮ ਉਸ ਨੂੰ ਦਰਬਾਰ ਸਾਹਿਬ ’ਚ ਪਾਠ ਵੀ ਸਿਖਾਉਂਦਾ ਹੁੰਦਾ ਸੀ
। ਇਕ ਦਿਨ ਸੇਵਾ ਕਰਨ ਦੇ ਬਹਾਨੇ ਸ਼ਿਕਾਇਤਕਰਤਾ ਨੂੰ ਆਪਣੇ ਕਮਰੇ ’ਚ ਲੈ ਗਿਆ ਅਤੇ ਉਸ ਸਮੇਂ ਮੁਲਜ਼ਮ ਦੀ ਮਾਤਾ ਕ੍ਰਿਸ਼ਨਾ ਕੌਰ ਵੀ ਕਮਰੇ ਦੇ ਅੰਦਰ ਹੀ ਸੀ, ਜਿੱਥੇ ਮੁਲਜ਼ਮ ਨੇ ਉਸ ਨੂੰ ਜੂਸ ਦੇ ਦਿੱਤਾ ਅਤੇ ਜੂਸ ਪੀਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਨੀਂਦ ਆਉਣ ਲੱਗ ਪਈ ਤਾਂ ਮੁਲਜ਼ਮ ਦੀ ਮਾਤਾ ਕਮਰੇ ਤੋਂ ਬਾਹਰ ਚਲੀ ਗਈ। ਥੋੜੇ ਸਮੇਂ ਬਾਅਦ ਮੁਲਜ਼ਮ ਉਸ ਨੂੰ ਕਹਿਣ ਲੱਗ ਪਿਆ ਕਿ ਉਸ ਨੇ ਸ਼ਿਕਾਇਤਕਰਤਾ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਵੀਡੀਓ ਬਣਾ ਲਈ ਹੈ, ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ।
ਬਾਅਦ ’ਚ ਸ਼ਿਕਾਇਤਕਰਤਾ ਗਰਭਵਤੀ ਹੋ ਗਈ ਤਾਂ ਉਸ ਦੇ ਮਾਪਿਆਂ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ। ਇਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਮੁਲਜ਼ਮ ਉਸ ਨੂੰ ਘਰ ਤੋਂ ਭਜਾ ਕੇ ਵਿਆਹ ਕਰਵਾਉਣ ਲਈ ਵੀ ਮਜਬੂਰ ਕਰਦਾ ਰਿਹਾ ਅਤੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ਿਕਾਇਤਕਰਤਾ ਦੀ ਫੋਟੋ ਲਾ ਕੇ ਉਸ ’ਤੇ ਸ਼ਿਕਾਇਤਕਰਤਾ ਨੂੰ ਆਪਣੀ ਪਤਨੀ ਦੱਸ ਕੇ ਬਦਨਾਮ ਕਰ ਦਿੱਤਾ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।