ਖਰਗੋਨ- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ‘ਚ ਇਕ ਵਿਅਕਤੀ ਨੂੰ ਆਪਣੀ 16 ਸਾਲਾ ਧੀ ਨਾਲ ਬਲਾਤਕਾਰ ਕਰਨ, ਉਸ ਨੂੰ ਗਰਭਵਤੀ ਕਰਨ ਅਤੇ ਉਸ ਤੋਂ ਪੈਦਾ ਹੋਈ ਨਵਜੰਮੀ ਬੱਚੀ ਨੂੰ ਝਾੜੀਆਂ ‘ਚ ਸੁੱਟਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਪੁਲਸ ਸਟੇਸ਼ਨ ਦੇ ਇੰਚਾਰਜ ਜਗਦੀਸ਼ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਮਾਮਲਾ ਇਸ ਹਫ਼ਤੇ ਦੇ ਸ਼ੁਰੂ ‘ਚ ਉਦੋਂ ਸਾਹਮਣੇ ਆਇਆ ਜਦੋਂ ਮਹੇਸ਼ਵਰ ਥਾਣਾ ਖੇਤਰ ਦੇ ਇਕ ਪਿੰਡ ‘ਚ ਝਾੜੀਆਂ ‘ਚੋਂ ਇਕ ਦਿਨ ਦਾ ਨਵਜੰਮਿਆ ਸ਼ਿਸ਼ੂ ਮਿਲਿਆ, ਜਿਸ ਦੇ ਸਰੀਰ ਨੂੰ ਕੀੜੀਆਂ ਨੇ ਖ਼ਰਾਬ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ‘ਚ ਤਬਦੀਲ ਕਰਨ ਤੋਂ ਪਹਿਲਾਂ ਬੱਚੀ ਨੂੰ ਸਥਾਨਕ ਹਸਪਤਾਲ ‘ਚ ਮੁੱਢਲਾ ਇਲਾਜ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 93 (12 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਛੱਡਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਧਰਮਰਾਜ ਮੀਣਾ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੀ ਦੀ ਮਾਂ 16 ਸਾਲਾ ਕੁੜੀ ਹੈ, ਜਿਸ ਨੂੰ ਇਕ ਕਲੀਨਿਕ ‘ਚ ਦਾਖਲ ਕਰਵਾਇਆ ਗਿਆ ਹੈ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਗੁਜਰਾਤ ਦੇ ਰਾਜਕੋਟ ‘ਚ ਆਪਣੇ ਪਿਤਾ ਨਾਲ ਰਹਿੰਦੀ ਸੀ, ਉਸ ਦੌਰਾਨ ਉਸ ਦੇ ਪਿਤਾ ਨਾਲ ਉਸ ਨੇ ਜਬਰ ਜ਼ਿਨਾਹ ਕੀਤਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਮੀਣਾ ਨੇ ਦੱਸਿਆ ਕਿ ਦੋਸ਼ੀ ਨੇ ਘਰ ‘ਚ ਹੀ ਉਸ ਦਾ ਜਣੇਪਾ ਕਰਵਾਇਆ ਅਤੇ ਜਦੋਂ ਉਹ ਬੇਹੋਸ਼ ਸੀ ਤਾਂ ਉਸ ਦਾ ਪਿਤਾ ਨਵਜੰਮੀ ਬੱਚੀ ਨੂੰ ਝਾੜੀਆਂ ‘ਚ ਸੁੱਟ ਕੇ ਫਰਾਰ ਹੋ ਗਿਆ।