ਜਲੰਧਰ, ਜਲੰਧਰ ਦੇ ਚੁਨਮੁਨ ਚੌਕ ਵਿਚ ਸਕਾਰਪੀਓ ਅਤੇ ਸਵਿਫਟ ਦੀ ਮਾਮੂਲੀ ਟੱਕਰ ਨੇ ਹਿੰਸਕ ਰੂਪ ਧਾਰ ਲਿਆ। ਟੱਕਰ ਤੋਂ ਬਾਅਦ ਸਵਿਫਟ ਡਰਾਈਵਰ ਨੇ ਇਕ ਨੌਜਵਾਨ ’ਤੇ ਹੱਥ ਚੁੱਕ ਲਿਆ ਪਰ ਦੇਖਦੇ ਹੀ ਦੇਖਦੇ ਸਕਾਰਪੀਓ ਗੱਡੀ ਵਿਚੋਂ ਨਿਕਲੇ 5-6 ਨੌਜਵਾਨਾਂ ਨੇ ਪਿਓ-ਪੁੱਤ ਦੋਵਾਂ ਨੂੰ ਕਾਬੂ ਕਰ ਲਿਆ। ਪੁੱਤ ਦੇ ਸਾਹਮਣੇ ਉਸ ਦੇ ਪਿਓ ਨੂੰ ਨੰਗਾ ਕਰ ਕੇ ਬੇਰਹਿਮੀ ਨਾਲ ਸੜਕ ’ਤੇ ਭਜਾ-ਭਜਾ ਕੇ ਬੈਲਟਾਂ ਨਾਲ ਕੁੱਟਿਆ, ਜਦਕਿ ਬਾਅਦ ਵਿਚ ਪੁੱਤ ਨਾਲ ਵੀ ਕੁੱਟਮਾਰ ਕੀਤੀ ਗਈ।
ਇਸ ਸਾਰੇ ਵਿਵਾਦ ਦੀ ਵੀਡੀਓ ਵਾਇਰਲ ਹੋਈ ਹੈ। ਲੱਗਭਗ ਸਵਾ 3 ਮਿੰਟ ਦੀ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੁੱਟਮਾਰ ਕਰਨ ਵਾਲਿਆਂ ਵਿਚ ਪੁਲਸ ਦਾ ਕੋਈ ਖੌਫ ਨਹੀਂ ਸੀ। ਇਸ ਦੌਰਾਨ ਮਾਡਲ ਟਾਊਨ ਰੋਡ ’ਤੇ ਕਾਫੀ ਜਾਮ ਵੀ ਲੱਗ ਗਿਆ ਸੀ। ਰਾਹਗੀਰਾਂ ਦੀ ਮੰਨੀਏ ਤਾਂ ਚੁਨਚੁਨ ਚੌਕ ਵਿਚ ਸਕਾਰਪੀਓ ਅਤੇ ਸਵਿਫਟ ਗੱਡੀ ਦੀ ਮਾਮੂਲੀ ਟੱਕਰ ਹੋ ਗਈ ਸੀ। ਪਹਿਲਾਂ ਸਵਿਫਟ ਕਾਰ ਦੇ ਡਰਾਈਵਰ ਨੇ ਸਕਾਰਪੀਓ ਸਵਾਰ ’ਤੇ ਹੱਥ ਚੁੱਕਿਆ, ਜਿਸ ਦੇ ਬਾਅਦ ਇਹ ਵਿਵਾਦ ਵਧ ਗਿਆ। ਸਕਾਰਪੀਓ ਵਿਚੋਂ ਉਤਰੇ ਲੱਗਭਗ ਅੱਧੀ ਦਰਜਨ ਨੌਜਵਾਨਾਂ ਨੇ ਪਿਓ-ਪੁੱਤ ਦੋਵਾਂ ਨੂੰ ਘੇਰ ਲਿਆ। ਨੌਜਵਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨੌਜਵਾਨ ਭੱਜ ਕੇ ਇਕ ਦੁਕਾਨ ਵਿਚ ਵੜ ਗਿਆ ਪਰ ਉਸ ਦੇ ਪਿਓ ਨੂੰ ਹਮਲਾਵਰ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਦੂਜੀ ਧਿਰ ਦੇ ਨੌਜਵਾਨ ਦੀ ਵੀ ਕਮੀਜ਼ ਪਾਟ ਗਈ ਪਰ ਹਮਲਾਵਰਾਂ ਨੇ ਲਗਾਤਾਰ ਸਵਿਫਟ ਦੇ ਡਰਾਈਵਰ ’ਤੇ ਬੈਲਟਾਂ ਨਾਲ ਵਾਰ ਕੀਤੇ ਅਤੇ ਥੱਪੜ ਵੀ ਮਾਰੇ।