ਜਲੰਧਰ –ਥਾਣਾ ਬਸਤੀ ਬਾਵਾ ਖੇਲ ਵਿਚ ਪੈਂਦੇ ਇਲਾਕੇ ਵਿਚ ਇਕ ਵਿਅਕਤੀ ਪਿਛਲੇ ਡੇਢ ਸਾਲ ਤੋਂ ਆਪਣੀ ਸਕੀ ਨਾਬਾਲਗ ਧੀ ਨਾਲ ਕੁੱਟਮਾਰ ਕਰਦੇ ਹੋਏ ਉਸ ਨਾਲ ਜਿਸਮਾਨੀ ਸੰਬੰਧ ਬਣਾ ਰਿਹਾ ਸੀ। ਜਿਵੇਂ ਹੀ ਉਸ ਦੀ ਜਾਣਕਾਰੀ ਲੜਕੀ ਦੀ ਮਾਂ ਨੂੰ ਮਿਲੀ ਤਾਂ ਉਸ ਨੇ ਆਪਣੀ ਧੀ ਸਮੇਤ ਥਾਣਾ ਬਸਤੀ ਬਾਵਾ ਖੇਲ੍ਹ ਵਿਚ ਪਹੁੰਚ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਮਹਿਲਾ ਪੁਲਸ ਅਧਿਕਾਰੀ ਸਬ-ਇੰਸਪੈਕਟਰ ਮਨਜੀਤ ਕੌਰ ਨੇ ਕੁੜੀ ਦੇ ਬਿਆਨ ਲੈਣ ਤੋਂ ਬਾਅਦ ਖ਼ੁਦ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਕੁੜੀ ਦੇ ਪਿਤਾ ਪ੍ਰਦੀਪ ਕੁਮਾਰ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 64, 351, 51 ਅਤੇ ਪੋਕਸੋ ਐਕਟ ਤਹਿਤ 9 ਨੰਬਰ ਐੱਫ਼. ਆਈ. ਆਰ. ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਥਾਣਾ ਬਸਤੀ ਬਾਵਾ ਖੇਲ੍ਹ ਦੀ ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਡੇਢ ਸਾਲ ਤੋਂ ਆਪਣੇ ਪਿਤਾ ਦੀ ਹਵਸ ਦਾ ਸ਼ਿਕਾਰ ਹੋ ਰਹੀ ਉਕਤ ਨਾਬਾਲਗ ਧੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਉਹ ਮੂਲ ਰੂਪ ਨਾਲ ਯੂ. ਪੀ. ਦੇ ਰਹਿਣ ਵਾਲੇ ਹਨ ਅਤੇ ਕਾਫ਼ੀ ਸਮੇਂ ਤੋਂ ਪਰਿਵਾਰ ਸਮੇਤ ਬਸਤੀਆਂ ਇਲਾਕੇ ਵਿਚ ਰਹਿ ਰਹੇ ਹਨ।
ਨਾਬਾਲਗਾ ਨੇ ਕਿਹਾ ਕਿ ਉਸ ਦੀ ਉਮਰ 16-17 ਸਾਲ ਹੈ ਅਤੇ ਉਹ ਵੀ ਫੈਕਟਰੀ ਵਿਚ ਕੰਮ ਕਰਦੀ ਹੈ। 14 ਜਨਵਰੀ ਨੂੰ ਉਸ ਦੀ ਮਾਂ ਸਵੇਰੇ 8.30 ਵਜੇ ਕੰਮ ’ਤੇ ਚਲੀ ਗਈ। ਉਹ ਹਰ ਰੋਜ਼ ਸ਼ਾਮ ਨੂੰ 5.30 ਵਜੇ ਛੁੱਟੀ ਕਰ ਕੇ ਘਰ ਵਾਪਸ ਆਉਂਦੀ ਹੈ। ਉਸ ਨੇ ਦੱਸਿਆ ਕਿ 14 ਜਨਵਰੀ ਨੂੰ ਦੁਪਹਿਰ 1 ਵਜੇ ਉਸ ਦਾ ਪਿਤਾ ਘਰ ਆਇਆ, ਉਦੋਂ ਉਹ ਘਰ ਵਿਚ ਇਕੱਲੀ ਸੀ। ਉਸ ਦੇ ਪਿਤਾ ਨੇ ਕਮਰੇ ਵਿਚ ਆ ਕੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖ਼ੁਦ ਨੂੰ ਉਸ ਕੋਲੋਂ ਛੁਡਾਉਣਾ ਚਾਹਿਆ ਤਾਂ ਉਸ ਦੇ ਪਿਤਾ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਜਬਰੀ ਉਸ ਨਾਲ ਜਿਸਮਾਨੀ ਸੰਬੰਧ ਬਣਾਏ। ਇਸ ਤੋਂ ਪਹਿਲਾਂ ਵੀ ਉਹ ਉਸ ਨੂੰ ਡਰਾ-ਧਮਕਾ ਕੇ ਕਈ ਵਾਰ ਉਸ ਨਾਲ ਜਿਸਮਾਨੀ ਸਬੰਧ ਬਣਾ ਚੁੱਕਾ ਹੈ।