ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਦਾ ਬਜਟ ਇਜਲਾਸ ਅੱਜ ਦੁਪਹਿਰ ਕਰੀਬ 12.30 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵੱਲੋਂ 1386 ਕਰੋੜ 47 ਲੱਖ ਦਾ ਬਜਟ ਪੇਸ਼ ਕੀਤਾ ਗਿਆ।
ਇਸ ਬਜਟ ‘ਚ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਚੰਡੀਗੜ੍ਹ ਦੇ ਖਰਚ ਲਈ ਸਮੇਤ ਸਟਾਫ ਦੀਆਂ ਤਨਖਾਹਾਂ 87 ਲੱਖ 50 ਹਜ਼ਾਰ ਰੁਪਏ ਰੱਖੇ ਗਏ ਹਨ। ਮੁਲਾਜ਼ਮਾਂ ਦੇ ਸਫਰ ਖਰਚ ਲਈ 65 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਪ੍ਰਧਾਨ ਸਾਹਿਬ ਅਤੇ ਮੈਂਬਰ ਸਾਹਿਬਾਨਾਂ ਦੇ ਸਫਰ ਖਰਚ ਲਈ ਇਸ ਸਾਲ ਵੀ 90 ਲੱਖ ਰੁਪਏ ਹੀ ਰੱਖੇ ਗਏ ਹਨ। ਬਜਟ ‘ਚ ਗਰੀਬਾਂ, ਲੋੜਵੰਦਾਂ, ਗਰੀਬ ਸਿੱਖ ਵਿਦਿਆਰਥੀਆਂ, ਮੀਰੀ ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ ਸਾਹਿਬ ਲਈ, ਅਤੇ ਵਿਦਿਅਕ ਅਦਾਰਿਆਂ ਦੀਆਂ ਇਮਾਰਤਾਂ ਦੀ ਸੰਭਾਲ, ਮੁਰੰਮਤਾਂ, ਰੰਗ ਰੋਗਨ ਆਦਿ ਨੂੰ ਸਹਾਇਤਾ ਦੇਣ ਲਈ 21 ਕਰੋੜ 50 ਲੱਖ ਰੁਪਏ ਰੱਖੇ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ‘ਚ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਤ ਅਤੇ ਪੰਥਕ ਮੁਕੱਦਮਿਆਂ ਦੀ ਪੈਰਵੀ ਵਾਸਤੇ 1 ਕਰੋੜ 80 ਲੱਖ ਰੁਪਏ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੈਰਵੀ ਲਈ 30 ਲੱਖ ਰੁਪਏ ਵੱਖਰੇ ਸ਼ਹੀਦੀ ਫੰਡ ਵਿੱਚ ਵੀ ਰੱਖੇ ਗਏ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਤ ਅਦਾਰਿਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ 30 ਕਰੋੜ ਸੱਤਰ ਲੱਖ ਰੁਪਏ ਰੱਖੇ ਗਏ ਹਨ। ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ, ਸਫਰ ਖਰਚ, ਮੁਕੰਦਮਿਆਂ ਦੇ ਖਰਚ, ਆਡਿਟ ਫੀਸ, ਡਾਕ ਖਰਚ, ਗੱਡੀਆਂ ਦੇ ਖਰਚ, ਇਮਾਰਤਾਂ ਦੇ ਖਰਚ, ਅਤੇ ਸਹਾਇਤਾ ਆਦਿ ਇਸ ਫੰਡ ਦੇ ਮੁੱਖ ਖਰਚੇ ਹਨ। ਇਨ੍ਹਾਂ ਕਾਰਜਾਂ ਲਈ ਵਿਸ਼ੇਸ਼ ਫੰਡ ਰਾਖਵੇਂ ਕੀਤੇ ਗਏ ਹਨ। ਸਾਲ 2025-26 ਲਈ ਜਨਰਲ ਬੋਰਡ ਫੰਡ ਦਾ ਕੁੱਲ ਬਜਟ 86 ਕਰੋੜ ਰੁਪਏ ਦਾ ਹੈ।