ਫਗਵਾੜਾ – ਫਗਵਾੜਾ ਵਿਖੇ ਵਿਜੀਲੈਂਸ ਦੀ ਟੀਮ ਵੱਲੋਂ ਫਗਵਾੜਾ ਸਿਟੀ ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਅਤੇ ਉਸ ਦੇ ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਹਾਂ ‘ਤੇ ਡੇਢ ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਦਰਅਸਲ ਨਸ਼ਾ ਤਸਕਰੀ ਦੇ ਮਾਮਲੇ ਵਿਚ ਐੱਸ. ਐੱਚ. ਓ. ਇਕ ਵਿਅਕਤੀ ਕੋਲੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ। ਉਸ ਦੇ ਚਲਦਿਆਂ ਵਿਜੀਲੈਂਸ ਨੇ ਰੇਡ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਐੱਸ. ਐੱਚ. ਓ. ਵਜੋਂ ਤਾਇਨਾਤ ਇੰਸਪੈਕਟਰ ਜਤਿੰਦਰ ਕੁਮਾਰ ਅਤੇ ਉਸ ਦੇ ਸਾਥੀ ਜਸਕਰਨ ਸਿੰਘ ਉਰਫ਼ ਜੱਸਾ ਵਾਸੀ ਪਿੰਡ ਬੁਰਜ ਹਮੀਰਾ, ਜ਼ਿਲ੍ਹਾ ਮੋਗਾ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਕੁਲਵਿੰਦਰ ਕੌਰ ਵਾਸੀ ਪਿੰਡ ਚਾਚੋਕੀ, ਫਗਵਾੜਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ। ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਕੁਲਵਿੰਦਰ ਕੌਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਸ ਮੁਲਾਜ਼ਮ ਨੇ ਮਾਰਚ ‘ਚ ਉਸ ਦੇ ਲੜਕੇ ਹਰਸ਼ਦੀਪ, ਉਸ ਦੀ ਪਤਨੀ ਆਸ਼ਿਮਾ ਅਤੇ ਸਾਲੇ ਅੰਸ਼ ਸ਼ਰਮਾ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਸੀ ਜਦੋਂ ਉਹ ਫਗਵਾੜਾ ਦੇ ਇਕ ਸਥਾਨਕ ਹੋਟਲ ਵਿੱਚ ਖਾਣਾ ਖਾ ਰਹੇ ਸਨ। ਇਸ ਉਪਰੰਤ ਉਸ ਦੇ ਪੁੱਤਰ ਵਿਰੁੱਧ ਉਕਤ ਥਾਣੇ ‘ਚ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸ ਐਕਟ (ਐੱਨ. ਡੀ. ਪੀ. ਐੱਸ.) ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਕਤ ਪੁਲਸ ਮੁਲਾਜ਼ਮ ਨੇ ਹਰਸ਼ਦੀਪ ਦੀ ਪਤਨੀ ਅਤੇ ਸਾਲੇ ਨੂੰ ਇਸ ਕੇਸ ‘ਚ ਸ਼ਾਮਲ ਨਾ ਕਰਨ ਦੇ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੇ ਦਬਾਅ ਵਿੱਚ ਆ ਕੇ ਉਸ ਨੂੰ ਰਿਸ਼ਵਤ ਦੇ ਦਿੱਤੀ।