ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਐੱਸ ਜੀ. ਪੀ. ਸੀ. ਨਾਲ ਗੱਲਬਾਤ ਹੋਈ ਹੈ, ਈ-ਮੇਲ ਦੇ ਮਿਲੇ ਕੰਟੈਂਟ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਇਸ ਦੀ ਜਾਂਚ ਕਰ ਰਹੀ ਹੈ, ਆਈ. ਪੀ. ਐਡਰੈੱਸ ਮਿਲ ਗਏ ਹਨ। ਅਸੀਂ ਮੁਲਜ਼ਮਾਂ ਦੇ ਬੇਹੱਦ ਨੇੜੇ ਪਹੁੰਚ ਚੁੱਕੇ ਹਾਂ, ਸਕਿਓਰਿਟੀ ਨੂੰ ਮੁੱਖ ਰੱਖਦੇ ਹੋਏ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਉਸ ਜਗ੍ਹਾ ਲਈ ਕੋਤਾਹੀ ਨਹੀਂ ਵਰਤੀ ਜਾ ਸਕਦੀ, ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੇ ਪਰਿਵਾਰਾਂ ਦੀ ਸਰੁੱਖਿਆ ਲਈ ਅਰਦਾਸ ਕਰਨ ਆਉਂਦੇ ਹੋਣ। ਦਰਬਾਰ ਸਾਹਿਬ ਦੀ ਸੁਰੱਖਿਆ ਲਈ ਪਹਿਲਾਂ ਤੋਂ ਹੀ ਅੰਦਰ ਅਤੇ ਬਾਹਰ ਸਿਵਲ ਵਰਦੀ ਵਿਚ ਜਵਾਨ ਤਾਇਨਾਤ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀ ਸਰੁੱਖਿਆ ਵੀ ਵਧਾਈ ਜਾਵੇਗੀ। ਕਿਸੇ ਵੀ ਸ਼ਰਧਾਲੂ ਜਾਂ ਯਾਤਰੀ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਪੁਲਸ ਕਮਿਸ਼ਨਰ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਲਦੀ ਹੀ ਕੋਈ ਸੁਖਦ ਸੁਨੇਹਾ ਦਿੱਤਾ ਜਾਵੇ। ਦੁਨੀਆ ਵਿਚ ਜਿੱਥੇ ਮਰਜ਼ੀ ਜਾਣਾ ਪਵੇ ਪੁਖਤਾ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਕਰਾਂਗੇ।