ਇੰਗਲਮੁਨਸਟਰ/ਹੋਜੇਂਟ/ ਬ੍ਰੱਸਲਜ਼—- ਪੰਜਾਬ ਦੀ ਧਰਤੀ ਨੇ ਇੱਕ ਹੋਰ ਨਵਾਂ ਇਤਿਹਾਸ ਰਚਿਆ ਹੈ। ਇੰਗਲਮੁਨਸਟਰ (ਬੈਲਜੀਅਮ) ’ਚ ਨਗਰ ਕੌਂਸਲਰ ਅਤੇ ਹੋਜੇਂਟ ਯੂਨੀਵਰਸਿਟੀ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਯੂਰਪ ਦੇ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ U!REKA Student Council ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ।
ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਵਿਦਿਆਰਥੀ ਪੂਰੇ ਯੂਰਪ ਦੇ ਵਿਦਿਆਰਥੀ ਗਠਜੋੜ ਦੀ ਅਗਵਾਈ ਕਰ ਰਿਹਾ ਹੈ। ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੁਖਪ੍ਰੀਤ ਨੇ ਕਿਹਾ ਕਿ “ਇਹ ਮੇਰੀ ਨਹੀਂ, ਹਰ ਸਿੱਖ ਵਿਦਿਆਰਥੀ ਦੀ ਜਿੱਤ ਹੈ, “ਸਿੱਖੀ ਸਾਨੂੰ ਸੇਵਾ, ਇਨਸਾਫ਼ ਅਤੇ ਦਇਆ ਸਿਖਾਉਂਦੀ ਹੈ ਇਹੀ ਮੇਰੇ ਨੇਤ੍ਰਿਤਾ ਦਾ ਆਧਾਰ ਹੈ।” U!REKA Student Council ਯੂਰਪ ਦੇ 123,000 ਤੋਂ ਵੱਧ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ। ਇਹ ਕੌਂਸਲ ਵਿਦਿਆਰਥੀਆਂ ਦੀ ਅਵਾਜ਼ ਨੂੰ ਅੰਤਰਰਾਸ਼ਟਰੀ ਅਦਾਨ-ਪ੍ਰਦਾਨ, ਮਾਨਸਿਕ ਸਿਹਤ, ਭਾਈਚਾਰੇ ਵਾਲੀ ਸਿੱਖਿਆ ਅਤੇ ਟਿਕਾਊ ਵਿਕਾਸ ਵਰਗੇ ਅਹੰਕਾਰਪੂਰਨ ਮੁੱਦਿਆਂ ਉੱਤੇ ਪਹੁੰਚਾਉਂਦੀ ਹੈ।
ਸੁਖਪ੍ਰੀਤ ਸਿੰਘ ਨੇ 2024 ’ਚ ਬੈਲਜੀਅਮ ਦੇ ਪਹਿਲੇ ਸਿੱਖ ਨਗਰ ਕੌਂਸਲਰ ਵਜੋਂ ਚੋਣ ਜਿੱਤੀ ਸੀ। ਉਸੇ ਸਾਲ HOGENT ਯੂਨੀਵਰਸਿਟੀ ਵਲੋਂ “ਸਾਲ ਦਾ ਵਧੀਆ ਵਿਦਿਆਰਥੀ” ਵੀ ਚੁਣਿਆ ਗਿਆ ਸੀ। ਇਹ ਚੋਣ ਸਿੱਖ ਨੌਜਵਾਨਾਂ ਲਈ ਸਿਰਤਾਜ ਹੈ, ਜੋ ਆਪਣੀ ਪਛਾਣ ਨਾਲ ਗੌਰਵ ਮਹਿਸੂਸ ਕਰਦੇ ਹੋਏ ਦੁਨੀਆ ਦੀ ਅਗਵਾਈ ਕਰ ਰਹੇ ਹਨ।