ਫਰਿਜ਼ਨੋ, ਕੈਲੇਫੋਰਨੀਆਂ : ਸਾਂਝਾ ਪੰਜਾਬ ਯੂ.ਐਸ.ਏ. ਦੇ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਵੱਲੋਂ ਸਥਾਨਿਕ ਨਾਂਮਵਰ ਸ਼ਖਸੀਅਤ ਅਤੇ ਸ਼ੋਅ ਪ੍ਰਬੰਧਕ ਸ. ਗੁਰਮੀਤ ਸਿੰਘ ਬਾਜਵਾ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰਕ ਗਾਇਕੀ ਵਿੱਚ ਆਪਣੀ ਸ਼ਾਨਦਾਰ ਵਿਲੱਖਣ ਪਹਿਚਾਣ ਬਣਾ ਚੁੱਕੇ ਗਾਇਕ ਹਰਜੀਤ ਹਰਮਨ ਅਤੇ ਗਾਇਕਾ ਰੁਪਿੰਦਰ ਹਾਂਡਾ ਦਾ ਖੁੱਲਾ ਅਖਾੜਾ ਫਰਿਜ਼ਨੋ ਵਿਖੇ ਲਾਇਆ ਗਿਆ। ਜਿਸ ਵਿੱਚ ਉਨ੍ਹਾਂ ਦਾ ਸਾਥ ਜਸਵੀਰ ਸਿੰਘ ਸਰਾਏ ਅਤੇ ਹੋਰ ਭਾਈਚਾਰੇ ਨੇ ਵੀ ਵੱਧ ਚੜ੍ਹ ਕੇ ਦਿੱਤਾ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਤੌਰ ‘ਤੇ ਗਲੋਬਲ ਪੰਜਾਬ ਟੀ.ਵੀ. ਦੇ ਹੋਸ਼ਟ ਅਤੇ ਅੰਤਰਰਾਸ਼ਟਰੀ ਸਟੇਜ ਹੋਸਟ ਪ੍ਰਦੀਪ ਗਿੱਲ ਨੇ ਬਤੌਰ ਪ੍ਰੋਗਰਾਮ ਹੋਸਟ ਸਭ ਨੂੰ ਜੀ ਆਇਆਂ ਕਹਿੰਦਿਆਂ ਕੀਤੀ। ਜਦ ਕਿ ਗਾਇਕੀ ਦੇ ਖੁੱਲ੍ਹੇ ਅਖਾੜੇ ਦੀ ਸ਼ੁਰੂਆਤ ਸਥਾਨਕ ਗਾਇਕ ਗੁਰਦੀਪ ਧਾਲੀਵਾਲ ਨੇ ਆਪਣੇ ਗੀਤਾਂ ਰਾਹੀਂ ਕੀਤੀ। ਇਸ ਬਾਅਦ ਚੱਲਿਆ ਖੁੱਲੀ ਸੱਭਿਆਚਾਰਕ ਗਾਇਕੀ ਦਾ ਅਖਾੜਾ। ਜਿਸ ਵਿੱਚ ਗਾਇਕ ਹਰਜੀਤ ਹਰਮਨ ਨੇ ਸੁਰੂਆਤ ਆਪਣੇ ਗੀਤ “ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਏ” ਨਾਲ ਕੀਤੀ। ਇਸ ਬਾਅਦ ਆਪਣੇ ਨਵੇਂ ਗੀਤ ਅਤੇ ਸਰੋਤਿਆਂ ਦੀ ਮੰਗ ਤੇ ਪੁਰਾਣੇ ਗੀਤਾਂ ਦੀ ਖੂਬ ਛਹਿਬਰ ਲਾਈ ਕਿ ਹਰ ਕੋਈ ਖ਼ਿਆਲੀ ਪੰਜਾਬ ਪਹੁੰਚਿਆ ਮਹਿਸੂਸ ਕਰ ਰਿਹਾ ਸੀ। ਇਸ ਬਾਅਦ ਵਾਰੀ ਆਈ ਮਸ਼ਹੂਰ ਗੀਤ “ਕਾਲੀ ਐਕਟਿਵਾਂ” ਵਾਲੀ ਰੁਪਿੰਦਰ ਹਾਂਡਾ ਦੀ। ਜਿਸ ਆਪਣੇ ਗੀਤਾਂ ਰਾਹੀਂ ਖਚਾ-ਖਚ ਸਰੋਤਿਆਂ ਨਾਲ ਭਰੇ ਹਾਲ ਨੂੰ ਆਪਣੇ ਨਾਲ ਨੱਚਣ ਲਾ ਦਿੱਤਾ। ਇੱਕ ਤੋਂ ਬਾਅਦ ਇੱਕ ਗੀਤ ਸਰੋਤਿਆਂ ਨੇ ਪਸੰਦ ਕੀਤਾ ਅਤੇ ਅਨੰਦ ਮਾਣਿਆ।