ਚੰਡੀਗੜ੍ਹ: ਚੰਡੀਗੜ੍ਹ ‘ਚ ਜਿੱਥੇ ਬੀਤੇ ਦਿਨ ਥੋੜ੍ਹੀ ਦੇਰ ਨਿਕਲੀ ਧੁੱਪ ਨੇ ਲੋਕਾਂ ਨੂੰ ਰਾਹਤ ਦਿਵਾਈ ਕਿ ਹੁਣ ਨਦੀ-ਨਾਲਿਆਂ ‘ਚ ਪਾਣੀ ਦਾ ਪੱਧਰ ਘੱਟ ਜਾਵੇਗਾ ਪਰ ਉੱਥੇ ਹੀ ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸ਼ਹਿਰ ‘ਚ ਮੀਂਹ ਪੈਣ ਕਾਰਨ ਇਕ ਵਾਰ ਫਿਰ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਅੱਜ ਇਕ ਵਾਰ ਸਾਇਰਨ ਵੱਜੇ ਅਤੇ ਫਿਰ ਝੀਲ ਦੇ ਫਲੱਡ ਗੇਟ ਖੋਲ੍ਹਣੇ ਪਏ। ਮੀਂਹ ਕਾਰਨ ਸੁਖ਼ਨਾ ਝੀਲ ‘ਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ।
ਝੀਲ ‘ਚ 1163 ਫੁੱਟ ਤੱਕ ਹੀ ਪਾਣੀ ਆ ਸਕਦਾ ਹੈ। ਇਸ ਤੋਂ ਬਾਅਦ ਜਦੋਂ ਜ਼ਿਆਦਾ ਪਾਣੀ ਹੋ ਜਾਂਦਾ ਹੈ ਅਤੇ ਇਸ ਦੇ ਫਲੱਡ ਗੇਟ ਖੋਲ੍ਹਣੇ ਪੈਂਦੇ ਹਨ। ਇਸ ਕਾਰਨ ਬਾਪੂਧਾਮ ਕਾਲੋਨੀ ਅਤੇ ਕਿਸ਼ਨਗੜ੍ਹ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਭਰ ਜਾਂਦੀ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ।
ਗੇਟ ਖੋਲ੍ਹਣ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਮਹੀਨੇ ‘ਚ ਕਈ ਵਾਰ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ, ਜਿਸ ਕਾਰਨ ਕਿਸ਼ਨਗੜ੍ਹ, ਬਾਪੂਧਾਮ ਕਾਲੋਨੀ, ਸੈਕਟਰ-26 ਅਤੇ ਡੇਰਾਬੱਸੀ ਇਲਾਕਿਆਂ ‘ਚ ਪੂਰੀ ਤਰ੍ਹਾਂ ਪਾਣੀ ਭਰ ਗਿਆ ਸੀ।