ਚੰਡੀਗੜ੍ਹ/ਹੁਸ਼ਿਆਰਪੁਰ – ਪੰਜਾਬ ਵਿਚ ਹੜ੍ਹ ਕਾਰਨ ਹਾਲਾਤ ਪੂਰੀ ਤਰ੍ਹਾਂ ਵਿਗੜ ਚੁੱਕੇ ਹਨ। ਮਾਝਾ ਅਤੇ ਦੋਆਬਾ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ। ਹੁਸ਼ਿਆਰਪੁਰ ਵਿਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਜਾਨ ਚਲੀ ਗਈ ਹੈ, ਜਿਸ ਵਿਚ 4 ਲੋਕਾਂ ਦੀ ਮੌਤ ਘਰ ਦੀ ਛੱਤ ਡਿੱਗਣ ਕਾਰਨ ਹੋਈ ਹੈ, ਜਦੋਂ ਕਿ 3 ਹੋਰ ਲਗਾਤਾਰ ਮੀਂਹ ਕਾਰਨ ਆਏ ਹੜ੍ਹ ਦੇ ਪਾਣੀ ਵਿਚ ਡੁੱਬ ਗਏ। ਇਸ ਤ੍ਰਾਸਦੀ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਤੁਰੰਤ ਆਰਥਿਕ ਮਦਦ ਦਾ ਐਲਾਨ ਕੀਤਾ ਹੈ।
ਹੜ੍ਹ ਕਾਰਨ 1 ਅਗਸਤ ਤੋਂ 1 ਸਤੰਬਰ ਤੱਕ ਕੁੱਲ 36 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੜ੍ਹਾਂ ਕਾਰਨ ਅੰਮ੍ਰਿਤਸਰ ’ਚ 3, ਬਰਨਾਲਾ ’ਚ 3, ਬਠਿੰਡਾ ’ਚ 1, ਗੁਰਦਾਸਪੁਰ ’ਚ 1, ਹੁਸ਼ਿਆਰਪੁਰ ’ਚ 7, ਲੁਧਿਆਣਾ ’ਚ 3, ਮਾਨਸਾ ’ਚ 3, ਪਠਾਨਕੋਟ ’ਚ 6, ਪਟਿਆਲਾ ’ਚ 1, ਰੋਪੜ ’ਚ 3, ਐੱਸ. ਏ. ਐੱਸ. ਨਗਰ ’ਚ 1 ਅਤੇ ਸੰਗਰੂਰ ’ਚ 1 ਵਿਅਕਤੀ ਦੀ ਮੌਤ ਹੋ ਗਈ। ਪਠਾਨਕੋਟ ’ਚ 3 ਵਿਅਕਤੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।